ਮੀਟਿੰਗ ਦੌਰਾਨ ਵਿਚਾਰ ਵਿਮਰਸ਼ ਕਰਦੇ ਕਿਸਾਨ ਆਗੂ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 22 ਅਗਸਤ, 2017 : ਕਰਜਾ ਕੁਰਕੀ ਖਤਮ ਦਾ ਨਾਅਰਾ ਲਗਾ ਕੇ ਸਤਾ ਹਥਿਆਉਣ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਦੇ ਇਕ ਹੋਰ ਫਰਮਾਨ ਨੇ ਕਿਸਾਨਾਂ ਉਪਰ ਖਰਚ ਦਾ ਬੋਝ ਹੋਰ ਵਧਾ ਦਿੱਤਾ ਹੈ । ਝੋਨੇ ਅਤੇ ਬਾਸਮਤੀ ਦੀ ਫਸਲ ਦੀ ਵਢਾਈ ਸਮੇਂ ਪਰਾਲੀ ਨੂੰ ਖਿਲਾਰਣ ਲਈ ਕੰਬਾਈਨ ਦੇ ਪਿੱਛੇ ਐਸ ਐਮ ਐਸ ਸਿਸਟਮ ਲਗਾਉਣਾ ਜਰੂਰੀ ਕਰ ਦਿੱਤਾ ਗਿਆ ਹੈ । ਇਸ ਸਬੰਧੀ ਕਿਸਾਨਾਂ ਤੇ ਕੰਬਾਈਨ ਮਾਲਕਾਂ ਦਾ ਕਹਿਣਾ ਹੈ ਕਿ ਡੇਢ ਲਖ ਰੁਪਏ ਦੀ ਨਾਲ ਲੱਗਣ ਵਾਲੇ ਇਸ ਸਿਸਟਮ ਦਾ ਲਾਭ ਘਟ ਅਤੇ ਬੋਝ ਵਧੇਰੇ ਪੈਣ ਜਾ ਰਿਹਾ ਹੈ । ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਮੀਟਿੰਗ ਵਿੱਚ ਇਸ ਦਾ ਵਿਰੋਧ ਕਰਦਿਆਂ ਕਿਹਾ 15 ਏਕੜ ਫਸਲ ਕੱਟਣ ਵਾਲੀ ਕੰਬਾਈਨ ਕੇਵਲ 8 ਏਕੜ ਫਸਲ ਕਟ ਸਕੇਗੀ ਜਿਸ ਨਾਲ ਕਟਾਈ ਦੇ ਭਾਅ ਵਧਣਗੇ, ਜਿਸ ਦਾ ਸਿੱਧਾ ਅਸਰ ਕਿਸਾਨਾਂ ਸਿਰ ਪੈਣਾ ਹੈ ।
ਆਗੂਆਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਸਚ ਹੀ ਪਰਾਲੀ ਦੀ ਸਮਸਿਆ ਨੂੰ ਨਜਿੱਠਣਾ ਚਾਹੁੰਦੀ ਹੈ ਤਾਂ ਪਰਾਲੀ ਦਾ ਕੁਤਰਾ ਕਰਨ ਵਾਲਾ ਯੰਤਰ 90 ਫੀਸਦੀ ਸਬਸਿਡੀ ਤੇ ਕਿਸਾਨਾਂ ਨੂੰ ਮੁਹਈਆ ਕਰਵਾਏ । ਇੰਜੀਨੀਅਰ ਸੁਖਦੇਵ ਸਿੰਘ, ਸ਼ਿਵਤਾਰ ਸਿੰਘ ਬਰਾੜ ਜਿਲ੍ਹਾ ਸਕੱਤਰ, ਗੁਰਮੀਤ ਸਿੰਘ ਮੋਠਾਂ ਵਾਲਾ, ਗੁਰਜੀਤ ਸਿੰਘ, ਗੁਰਦੀਪ ਬੂੰਗੀ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।