ਫਾਈਲ ਫੋਟੋ
ਚੰਡੀਗੜ੍ਹ, 22 ਅਗਸਤ, 2017 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਵਿਧਾਨ ਸਭਾ ਦਾ ਕਿਸਾਨੀ ਮੁੱਦੇ ਤੇ ਵਿਸੇਸ਼ ਇਜਲਾਸ ਸੱਦਣ ਦੀ ਆਮ ਆਦਮੀ ਪਾਰਟੀ ਦੀ ਮੰਗ ਨੂੰ ਆਪ ਪਾਰਟੀ ਦੀ ਸੁਰਖ਼ੀਆਂ ਵਿਚ ਬਣੇ ਰਹਿਣ ਦੀ ਛਟਪਟਾਹਟ ਦੱਸਿਆ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਦੇ ਪਿੱਛਲੇ ਸੈਸ਼ਨ ਦੌਰਾਨ ਵਿਧਾਨ ਸਭਾ ਦੀ ਇਕ ਕਮੇਟੀ ਦਾ ਗਠਨ ਕਿਸਾਨ ਖੁਦਕੁਸ਼ੀਆਂ ਦੇ ਕਾਰਨਾਂ ਅਤੇ ਇੰਨਾਂ ਦੇ ਹੱਲ ਲਈ ਸੁਝਾਅ ਦੇਣ ਲਈ ਕੀਤਾ ਗਿਆ ਸੀ। ਇਸ ਕਮੇਟੀ ਵਿਚ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਦੇ ਵਿਧਾਨਕਾਰ ਮੈਂਬਰ ਵਜੋਂ ਸ਼ਾਮਿਲ ਕੀਤੇ ਗਏ ਹਨ। ਇਸ ਕਮੇਟੀ ਨੂੰ ਕਿਸਾਨੀ ਮੁੱਦਿਆਂ ਖਾਸ ਕਰਕੇ ਕਿਸਾਨ ਖੁਦਕਸ਼ੀਆਂ ਦੇ ਬਾਰੇ ਅਧਿਐਨ ਕਰਨ ਲਈ ਗਠਿਤ ਕੀਤਾ ਗਿਆ ਹੈ ਤਾਂ ਜੋ ਇਸ ਕਮੇਟੀ ਦੀ ਅਧਿਐਨ ਰਿਪੋਟ ਅਤੇ ਦਿੱਤੇ ਸੁਝਾਵਾਂ ਅਨੁਸਾਰ ਖੇਤੀ ਸੈਕਟਰ ਦੀ ਭਲਾਈ ਲਈ ਅਤੇ ਖੁਦਕੁਸ਼ੀਆਂ ਰੋਕਣ ਲਈ ਸਾਰਥਕ ਨੀਤੀਆਂ ਬਣਾ ਕੇ ਲਾਗੂ ਕੀਤੀਆਂ ਜਾ ਸਕਨ। ਇਸ ਕਮੇਟੀ ਨੇ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਕੁਝ ਜ਼ਿਲਿਆਂ ਦਾ ਇਹ ਕਮੇਟੀ ਦੌਰਾ ਵੀ ਕਰ ਚੁੱਕੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਆਪ ਆਗੂਆਂ ਕੋਲ ਇਸ ਸਮੇਂ ਹੋਰ ਕੋਈ ਮੁੱਦਾ ਨਹੀਂ ਹੈ ਇਸ ਲਈ ਆਪ ਆਗੂ ਪੰਜਾਬ ਦੇ ਅਵਾਮ ਨੂੰ ਗੁੰਮਰਾਹ ਕਰਨ ਦੇ ਉਦੇਸ਼ ਨਾਲ ਹੀ ਕਿਸਾਨੀ ਮੁੱਦੇ ਤੇ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾਉਣ ਦਾ ਰਾਗ ਅਲਾਪ ਰਹੇ ਹਨ ਜਦ ਕਿ ਵਿਸੇਸ਼ ਸੈਸ਼ਨ ਬੁਲਾ ਕੇ ਉਸ ਵਿਚ ਕਾਗਜੀ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੋਣਾ ਜਦ ਤੱਕ ਕਿ ਇਸ ਸਮੱਸਿਆ ਦਾ ਵਿਸਥਾਰਤ ਅਧਿਐਨ ਨਾ ਹੋਵੇ। ਕਿਸਾਨੀ ਮੁਸਕਿਲਾਂ ਸਬੰਧੀ ਹੇਠਲੇ ਪੱਧਰ ਤੱਕ ਅਧਿਐਨ ਲਈ ਹੀ ਉਕਤ ਕਮੇਟੀ ਬਣਾਈ ਗਈ ਹੈ ਤਾਂ ਜੋ ਉਸ ਕਮੇਟੀ ਦੇ ਅਧਿਐਨ ਅਨੁਸਾਰ ਹੀ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿਚ ਚਰਚਾ ਕਰਕੇ ਯੋਗ ਨੀਤੀ ਘੜੀ ਜਾ ਸਕੇ ਅਤੇ ਇਸ ਸਮੱਸਿਆ ਦੇ ਸਥਾਈ ਹੱਲ ਲਈ ਵਿਉਂਤਬੰਦੀ ਉਲੀਕੀ ਜਾ ਸਕੇ।
ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਨਾ ਕਰਨ। ਉਨਾਂ ਕਿਹਾ ਕਿ ਹਰ ਸਮੱਸਿਆ ਦਾ ਹਲ ਹੁੰਦਾ ਹੈ। ਸਰਕਾਰ ਕਿਸਾਨਾਂ ਦਾ ਕਰਜਾ ਮਾਫ ਕਰਨ ਦਾ ਫੈਸਲਾ ਕਰ ਚੁੱਕੀ ਹੈ। ਕਿਸੇ ਕਿਸਾਨ ਦੀ ਜਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨੀ ਸੈਕਟਰ ਨੂੰ ਪੈਰਾ ਸਿਰ ਖੜਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦ੍ਰਿੜ ਸੰਕਲਪਤ ਹੈ ਅਤੇ ਕਿਸਾਨ ਭਰੋਸਾ ਕਰਨ, ਸਰਕਾਰ ਕਿਸਾਨਾਂ ਦੀ ਹਰ ਮੁਸਕਿਲ ਦਾ ਹੱਲ ਕਰੇਗੀ।