ਬਰਨਾਲਾ, 22 ਅਗਸਤ, 2017 : ਕਰਜ਼ੇ/ਖੁਦਕੁਸ਼ੀਆਂ/ਕੁਰਕੀਆਂ ਤੋਂ ਮੁਕਤੀ ਅਤੇ ਰੁਜ਼ਗਾਰ ਪ੍ਰਾਪਤੀ ਵਰਗੇ ਅਹਿਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਅੱਜ ਇੱਥੇ ਦਾਣਾ ਮੰਡੀ 'ਚ ਕੀਤੀ ਗਈ ਕਰਜ਼ਾ-ਮੁਕਤੀ ਮਹਾਂ ਰੈਲੀ 'ਚ ਹਜ਼ਾਰਾਂ ਔਰਤਾਂ ਸਮੇਤ 50,000 ਤੋਂ ਉੱਪਰ ਕਿਸਾਨਾਂ-ਮਜ਼ਦੂਰਾਂ ਦਾ ਲਾ-ਮਿਸਾਲ ਇਕੱਠ ਹੋਇਆ। 8-9 ਏਕੜਾਂ ਦੇ ਵਿਸ਼ਾਲ ਪੰਡਾਲ ਨੂੰ ਰੋਹ-ਭਰੇ ਨਾਹਰਿਆਂ ਨਾਲ ਗੁੰਜਾ ਰਹੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਭਾ: ਕਿ: ਯੂ (ਏਕਤਾ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ; ਭਾ: ਕਿ: ਯੂ: ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ; ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ; ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਿੰਦਰ ਸਿੰਘ ਨੱਥੂਵਾਲਾ; ਭਾ: ਕਿ: ਯੂ: (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ; ਕਿਸਾਨ ਸੰਘਰਸ਼ ਕਮੇਟੀ (ਆਜ਼ਾਦ) ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਔਰਤ ਕਿਸਾਨ ਆਗੂ ਹਰਵਿੰਦਰ ਕੌਰ ਬਿੰਦੂ ਸ਼ਾਮਲ ਸਨ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਨਿਭਾਈ। ਸਾਂਝੇ ਘੋਲ ਦੀ ਤਰਜਮਾਨੀ ਕਰਦਿਆਂ ਸਮੂਹ ਬੁਲਾਰਿਆਂ ਨੇ ਕਿਸਾਨ ਖੁਦਕੁਸ਼ੀਆਂ ਰੋਕਣ ਲਈ ਭਖਦੇ ਕਿਸਾਨੀ ਮਸਲੇ ਤੁਰੰਤ ਹੱਲ ਕਰਨ ਦੀ ਵਜ਼ਾਹਤ ਕਰਦਿਆਂ ਕੈਪਟਨ ਸਰਕਾਰ ਦੀ ਇਸ ਗੱਲੋਂ ਜ਼ੋਰਦਾਰ ਨਿਖੇਧੀ ਕੀਤੀ ਕਿ ਉਹ ਕਰਜ਼ਾ-ਪੀੜਤ ਸਮੂਹ ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ੇ ਖ਼ਤਮ ਕਰਨ ਦੇ ਆਪਣੇ ਚੋਣ-ਵਾਅਦੇ ਤੋਂ ਪਿੱਛੇ ਹਟ ਕੇ ਛੋਟੇ/ਸੀਮਾਂਤ ਕਿਸਾਨਾਂ ਦੇ ਸਿਰਫ ਫਸਲੀ ਕਰਜ਼ੇ 2 ਲੱਖ ਤੱਕ ਮਾਫ਼ ਕਰਨ ਦੇ ਫੋਕੇ ਐਲਾਨ ਤੱਕ ਸਿਮਟ ਕੇ ਰਹਿ ਗਈ ਹੈ। ਜੋ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਖਿਲਾਫ਼ੀ ਹੈ। ਸੜਕਾਂ 'ਤੇ ਰੁਲ ਰਹੇ 50 ਲੱਖ ਦੇ ਕਰੀਬ ਬੇਰੁਜ਼ਗਾਰਾਂ ਨੂੰ ਪੱਕਾ ਰੁਜ਼ਗਾਰ ਦੇਣ ਦੇ ਵਾਅਦੇ ਬਾਰੇ ਵੀ ਮੁਜਰਮਾਨਾ ਚੁੱਪ ਧਾਰ ਰੱਖੀ ਹੈ। ਕਰਜ਼ਿਆਂ ਬਦਲੇ ਕੁਰਕੀਆਂ ਦਾ ਦੌਰ ਬਾ-ਦਸਤੂਰ ਜਾਰੀ ਹੈ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਵੀ ਜੰਮ ਕੇ ਅਲੋਚਨਾ ਕੀਤੀ ਅਤੇ ਕਿਹਾ ਕਿ ਕਿਸਾਨ ਕਰਜ਼ਾ-ਮੁਕਤੀ ਲਈ ਪੰਜਾਬ ਨੂੰ ਵਿਸ਼ੇਸ਼ ਪੈਕੇਜ਼ ਦੇਣ ਤੋਂ ਅਤੇ ਸਵਾਮੀਨਾਥਨ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਦੇਣ ਤੋਂ ਇਨਕਾਰ ਕਰਨ ਦੇ ਨਾਲ-ਨਾਲ ਖੇਤੀ ਸਬਸਿਡੀਆਂ ਦਾ ਭੋਗ ਪਾਉਣ ਵਾਲੀ ਨੀਤੀ ਧਾਰਨ ਰਾਹੀਂ ਧੜਾ-ਧੜ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਹੇ ਕਿਸਾਨਾਂ-ਮਜ਼ਦੂਰਾਂ ਦੇ ਜ਼ਖਮਾਂ 'ਤੇ ਲੂਣ ਭੁੱਕਿਆ ਗਿਆ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਕਰਜ਼ੇ ਮੋੜਨੋਂ ਅਸਮੱਰਥ ਸਮੂਹ ਕਿਰਤੀ ਕਿਸਾਨਾਂ ਦੇ ਹਰ ਕਿਸਮ ਦੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ ਅਤੇ 2 ਲੱਖ ਦੀ ਨਿਗੂਣੀ ਰਾਹਤ ਦਾ ਨੋਟੀਫੀਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਕਰਜ਼ਾ ਲੈਣ ਸਮੇਂ ਕਿਸਾਨਾਂ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਕੇ ਹਾਸਲ ਕੀਤੇ ਦਸਖਤ/ਅੰਗੂਠੇ ਵਾਲੇ ਖਾਲੀ ਚੈੱਕ/ਪ੍ਰੋਨੋਟ/ਅਸ਼ਟਾਮ ਬੈਂਕਾਂ ਤੇ ਆੜਤੀਆਂ ਕੋਲੋਂ ਤੁਰੰਤ ਵਾਪਸ ਕਰਵਾਏ ਜਾਣ। ਅੱਗੇ ਤੋਂ ਇਹਨਾਂ ਦਸਤਾਵੇਜਾਂ ਸਮੇਤ ਵਹੀ-ਖਾਤਿਆਂ ਦੀ ਕਾਨੂੰਨੀ ਮਾਨਤਾ ਰੱਦ ਕੀਤੀ ਜਾਵੇ ਅਤੇ ਪਹਿਲਾਂ ਚੱਲ ਰਹੇ ਕੋਰਟ ਕੇਸ ਵਾਪਸ ਲਏ ਜਾਣ। ਜਬਰੀ ਕਰਜ਼ਾ-ਵਸੂਲੀ ਖਾਤਰ ਕੁਰਕੀਆਂ/ਨਿਲਾਮੀਆਂ, ਗ੍ਰਿਫਤਾਰੀਆਂ, ਪੁਲੀਸ-ਦਖਲ ਅਤੇ ਫੋਟੋਆਂ ਸਮੇਤ ਡੀਫਾਲਟਰ ਲਿਸਟਾਂ ਵਰਗੇ ਹੱਥਕੰਡਿਆਂ 'ਤੇ ਪਾਬੰਦੀ, ਵਿਆਜ-ਪਰ-ਵਿਆਜ ਤੇ ਮੂਲਧਨ ਤੋਂ ਵੱਧ ਵਿਆਜ ਵਸੂਲਣ 'ਤੇ ਪਾਬੰਦੀ ਅਤੇ ਸੂਦਖੋਰੀ ਕਿੱਤਾ ਲਸੰਸ ਲਾਜ਼ਮੀ ਬਣਾਉਣ ਵਾਲਾ ਕਰਜ਼ਾ ਕਾਨੂੰਨ ਤੁਰੰਤ ਬਣਾਇਆ ਜਾਵੇ। ਜਾਨਲੇਵਾ ਕਰਜ਼ੇ ਮੁੜ ਚੜ੍ਹਨੋਂ ਰੋਕਣ ਲਈ ਬਦਲਵੀਆਂ ਖੇਤੀ-ਪੱਖੀ ਨੀਤੀਆਂ ਦੇ ਅੰਗ ਵਜੋਂ ਸਾਰੀਆਂ ਹੀ ਖੇਤੀ ਜਿਣਸਾਂ ਦੇ ਲਾਭਕਾਰੀ ਸਮਰਥਨ ਮੁੱਲ ਡਾ. ਸਵਾਮੀਨਾਥਨ ਦੀ ਸਿਫਾਰਿਸ਼ ਅਨੁਸਾਰ ਮਿੱਥੇ ਜਾਣ ਤੇ ਪੂਰੀ ਖਰੀਦ ਦੀ ਗਾਰੰਟੀ ਕੀਤੀ ਜਾਵੇ। ਲਾਗਤ ਖਰਚੇ ਘਟਾਉਣ ਲਈ ਅੰਨ੍ਹੇ ਕਾਰਪੋਰੇਟ ਮੁਨਾਫ਼ਿਆਂ 'ਤੇ ਰੋਕ ਲਾਈ ਜਾਵੇ। ਘਟੀਆ ਬੀਜਾਂ/ਦਵਾਈਆਂ/ਖਾਦਾਂ ਵਗੈਰਾ ਤੋਂ ਇਲਾਵਾ ਬਿਜਲੀ ਦੇ ਮਾੜੇ ਪ੍ਰਬੰਧਾਂ ਜਾਂ ਕੁਦਰਤੀ ਆਫ਼ਤਾਂ ਦੁਆਰਾ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜਾ ਔਸਤ ਝਾੜ ਦੇ ਪੂਰੇ ਮੁੱਲ ਦੇ ਬਰਾਬਰ ਦਿੱਤਾ ਜਾਵੇ। ਕਰਜ਼ਿਆਂ ਤੇ ਆਰਥਿਕ ਤੰਗੀਆਂ ਤੋਂ ਪੀੜਤ ਖ਼ੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ, 1-1 ਸਰਕਾਰੀ ਨੌਕਰੀ ਤੇ ਸਮੁੱਚੇ ਕਰਜ਼ੇ 'ਤੇ ਲੀਕਰ ਦੀ ਫੌਰੀ ਰਾਹਤ ਤੁਰੰਤ ਦਿੱਤੀ ਜਾਵੇ। ਪੰਜਾਬ ਦੇ ਪੜ੍ਹੇ-ਲਿਖੇ ਤੇ ਅਨਪੜ੍ਹ ਪੇਂਡੂ ਬੇਰੁਜ਼ਗਾਰਾਂ ਨੂੰ ਪੱਕੀ ਨੌਕਰੀ ਤੁਰੰਤ ਦਿੱਤੀ ਜਾਵੇ ਅਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਸਮੂਹ ਆਬਾਦਕਾਰ ਤੇ ਮੁਜਾਰੇ ਕਿਸਾਨਾਂ ਨੂੰ ਹਰ ਕਿਸਮ ਦੀ ਕਾਬਜ਼ ਜ਼ਮੀਨ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਹਰ ਤਰ੍ਹਾਂ ਦੇ ਅਵਾਰਾ ਪਸ਼ੂਆਂ/ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ। ਕਣਕ/ਝੋਨੇ ਦਾ ਨਾੜ/ਪਰਾਲੀ ਸਾੜਨ 'ਤੇ ਪਾਬੰਦੀ/ਜੁਰਮਾਨੇ ਲਾਉਣ ਦਾ ਫੈਸਲਾ ਰੱਦ ਕੀਤਾ ਜਾਵੇ। ਫ਼ਸਲੀ ਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਫ਼ਸਲਾਂ ਤੋਂ ਵਧੇਰੇ ਆਮਦਨ ਦੀ ਗਾਰੰਟੀ ਕੀਤੀ ਜਾਵੇ ਅਤੇ ਬਦਲਵੇਂ ਸੰਭਾਲ-ਪ੍ਰਬੰਧਾਂ ਲਈ 2500 ਰੁਪਏ ਪ੍ਰਤੀ ਏਕੜ ਰਾਹਤ ਦਿੱਤੀ ਜਾਵੇ। ਖਾਦਾਂ, ਕੀਟ/ਨਦੀਨਨਾਸ਼ਕਾਂ, ਖੇਤੀ ਸੰਦਾਂ ਤੇ ਕਲ-ਪੁਰਜ਼ਿਆਂ ਸਮੇਤ ਹੋਰ ਖੇਤੀ ਲਾਗਤਾਂ 'ਤੇ ਲਾਇਆ ਜੀ.ਐਸ.ਟੀ. ਖਤਮ ਕੀਤਾ ਜਾਵੇ।
ਉਕਤ ਮੰਗਾਂ ਦਾ ਤਸੱਲੀਬਖਸ਼ ਨਿਪਟਾਰਾ ਨਾ ਕੀਤਾ ਗਿਆ ਤਾਂ ਸਾਂਝੇ ਕਰਜ਼ਾ-ਮੁਕਤੀ ਘੋਲ ਦੇ ਅਗਲੇ ਪੜਾਅ 'ਤੇ 22 ਸਤੰਬਰ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਪਟਿਆਲਾ ਅੱਗੇ ਪੰਜ ਰੋਜ਼ਾ ਦਿਨ-ਰਾਤ ਧਰਨਾ ਲਾਇਆ ਜਾਵੇਗਾ। ਜੇਕਰ ਫਿਰ ਵੀ ਟਾਲ-ਮ-ਟੋਲ ਜਾਰੀ ਰਹੀ ਤਾਂ ਮੌਕੇ 'ਤੇ ਫੈਸਲਾ ਕੀਤਾ ਜਾਵੇਗਾ।
ਬੁਲਾਰਿਆਂ ਨੇ ਪੂਰੇ ਦੇਸ਼ 'ਚ ਫੈਲਾਈ ਜਾ ਰਹੀ ਫਿਰਕਾਪ੍ਰਸਤ ਤੇ ਜ਼ਾਤ-ਪਾਤੀ ਹਿੰਸਾਵਾਦੀ ਨਫ਼ਰਤ ਅਤੇ ਵਾਲ ਕੱਟੇ ਜਾਣ ਵਰਗੀਆਂ ਬੇ-ਬੁਨਿਆਦ ਅਫਵਾਹਾਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਇਸ ਸਮੁੱਚੇ ਵਰਤਾਰੇ ਨੂੰ ਸੱਤਾਧਾਰੀਆਂ ਦੀਆਂ ਗਿਣੀਆਂ ਮਿੱਥੀਆਂ ਸਾਜ਼ਿਸ਼ਾਂ ਕਿਹਾ ਜਿਹਨਾਂ ਦਾ ਮਕਸਦ ਸੰਘਰਸ਼ ਭਖਾ ਰਹੇ ਕਿਸਾਨਾਂ ਮਜ਼ਦੂਰਾਂ ਦੇ ਉੱਸਰ ਰਹੇ ਵਿਸ਼ਾਲ ਏਕੇ ਨੂੰ ਖਿੰਡਾਉਣਾ ਅਤੇ ਆਮ ਜਨਤਾ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਾਸੇ ਤਿਲਕਾਉਣਾ ਹੈ। ਉਨ੍ਹਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਅਜਿਹੀਆਂ ਚਾਲਾਂ ਤੋਂ ਖਬਰਦਾਰ ਰਹਿਣ ਦਾ ਸੱਦਾ ਦਿੱਤਾ। ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰਿਆਂ 'ਚ ਦਾਤਾਰ ਸਿੰਘ, ਮਨਜੀਤ ਸਿੰਘ ਧਨੇਰ, ਇੰਦਰਜੀਤ ਸਿੰਘ ਕੋਟ ਬੁੱਢਾ, ਝੰਡਾ ਸਿੰਘ ਜੇਠੂਕੇ, ਦਲਵਿੰੰਦਰ ਸਿੰਘ ਸ਼ੇਰ ਖਾਂ, ਬਲਦੇਵ ਸਿੰਘ ਜੀਰਾ ਅਤੇ ਹਰਜੀਤ ਸਿੰਘ ਝੀਡਾ ਸ਼ਾਮਿਲ ਸਨ।