ਨਵੀਂ ਦਿੱਲੀ, 22 ਅਗਸਤ, 2017 : ਸੁਪਰੀਮ ਕੋਰਟ ਨੇ ਤਿੰਨ ਤਲਾਕ 'ਤੇ ਵੱਡਾ ਫੈਸਲਾ ਸੁਣਾਉਂਦੇ ਹੋਏ ਇਸ 'ਤੇ 6 ਮਹੀਨੇ ਦੇ ਲਈ ਰੋਕ ਲਗਾ ਦਿੱਤੀ ਹੈ। ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਇਸ 'ਤੇ ਕਾਨੂੰਨ ਬਣਾਏ। ਜਸਟਿਸ ਖੇਹਰ ਨੇ ਕਿਹਾ ਕਿ ਤਿੰਨ ਤਲਾਕ ਦੇ ਮਾਮਲੇ ਨੂੰ ਸੰਸਦ ਦੇਖੇ। ਜਾਣਕਾਰੀ ਮੁਤਾਬਕ ਚੀਫ ਜਸਟਿਸ ਜੇ.ਐਸ.ਖੇਹਰ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨ ਅਦਾਲਤ ਨੇ ਗਰਮੀਆਂ ਦੀ ਛੁੱਟੀਆਂ ਦੌਰਾਨ ਛੇ ਦਿਨ ਸੁਣਵਾਈ ਦੇ ਬਾਅਦ 18 ਮਈ ਨੂੰ ਆਪਣੇ ਫੈਸਲਾ ਯਕੀਨੀ ਰੱਖਿਆ ਸੀ।
ਚੀਫ ਜਸਟਿਸ ਖੇਹਰ ਦੇ ਇਲਾਵਾ, ਅਦਾਲਤ 'ਚ ਜੱਜ ਕੁਰੀਅਨ ਜੋਸੇਫ, ਜੱਜ ਆਰ.ਐਫ. ਨਰੀਮਨ, ਜੱਜ ਯੂ.ਯੂ.ਲਲਿਤ ਅਤੇ ਜੱਜ ਐਸ ਅਬਦੁੱਲ ਨਜੀਰ ਸ਼ਾਮਲ ਹਨ। ਅਦਾਲਤ ਨੇ ਤਿੰਨ ਤਲਾਕ ਦੀ ਪਰੰਪਰਾ ਨੂੰ ਚੁਣੌਤੀ ਦੇਣ ਵਾਲੀ ਮੁਸਲਿਮ ਔਰਤਾਂ ਦੀ ਵੱਖ-ਵੱਖ ਪੰਜ ਪਟੀਸ਼ਨਾਂ ਸਮੇਤ ਸੱਤ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਤਿੰਨ ਤਲਾਕ ਦੀ ਪਰੰਪਰਾ ਗੈਰ-ਸੰਵਿਧਾਨਿਕ ਹੈ।
ਇਨ੍ਹਾਂ 5 ਔਰਤਾਂ ਦੇ ਕੇਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ 'ਚ ਲੜੀ ਗਈ ਇਸ ਕਾਨੂੰਨੀ ਲੜਾਈ ਨੂੰ ਆਪਣੇ ਅੰਜਾਮ ਤੱਕ ਪਹੁੰਚਾਉਣ 'ਚ ਕਈ ਔਰਤਾਂ ਦਾ ਸੰਘਰਸ਼ ਸ਼ਾਮਲ ਹੈ। ਇਨ੍ਹਾਂ 'ਚੋਂ ਸਭ ਤੋਂ ਅਹਿਮ ਨਾਂ ਹੈ ਉਤਰਾਖੰਡ ਦੀ ਸਾਇਰਾ ਬਾਨੋ ਦਾ, ਜੋ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਲੈ ਕੇ ਗਈ ਸੀ। ਉਨ੍ਹਾਂ ਤੋਂ ਇਲਾਵਾ ਆਫਰੀਨ ਰਹਿਮਾਨ, ਗੁਲਸ਼ਨ ਪਰਵੀਨ, ਇਸ਼ਰਤ ਜਹਾਂ ਅਤੇ ਅਤੀਆ ਸਾਬਰੀ ਵੀ ਉਨ੍ਹਾਂ ਔਰਤਾਂ ਹਨ, ਜਿਨ੍ਹਾਂ ਨੇ ਤਿੰਨ ਤਲਾਕ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਇਨ੍ਹਾਂ 'ਚੋਂ ਕਿਸੇ ਨੂੰ ਫੋਨ 'ਤੇ ਤਲਾਕ ਮਿਲਿਆ, ਕਿਸੇ ਨੂੰ ਸਪੀਡ ਪੋਸਟ 'ਤੇ, ਕਿਸੇ ਨੂੰ ਸਟਾਂਪ ਪੇਪਰ 'ਤੇ ਤਾਂ ਕਿਸੇ ਨੂੰ ਕਾਗਜ਼ ਦੇ ਟੁੱਕੜੇ 'ਤੇ।
ਸਾਇਰਾ ਬਾਨੋ
ਸਾਇਰਾ ਉਤਰਾਖੰਡ ਦੇ ਕਾਸ਼ੀਪੁਰ ਦੀ ਰਹਿਣ ਵਾਲੀ ਹੈ। ਸਾਇਰਾ ਨੇ ਪਿਛਲੇ ਸਾਲ ਸੁਪਰੀਮ ਕੋਰਟ 'ਚ ਅਰਜ਼ੀ ਦਾਇਰ ਕਰ ਕੇ ਤਿੰਨ ਤਲਾਕ ਅਤੇ ਨਿਕਾਹ ਹਲਾਲਾ ਦੇ ਚਲਨ ਦੀ ਸੰਵਿਧਾਨਕਤਾ ਨੂੰ ਚੁਣੌਤੀ ਦਿੱਤੀ ਸੀ। ਨਾਲ ਹੀ ਉਨ੍ਹਾਂ ਦੀ ਪਟੀਸ਼ਨ 'ਚ ਮੁਸਲਮਾਨਾਂ 'ਚ ਪ੍ਰਚਲਿਤ ਬਹੁ ਵਿਆਹ ਪ੍ਰਥਾ ਨੂੰ ਵੀ ਗਲਤ ਦੱਸਦੇ ਹੋਏ ਉਸ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਸੀ।
ਆਫਰੀਨ ਰਹਿਮਾਨ
ਜੈਪੁਰ ਦੀ ਰਹਿਣ ਵਾਲੀ ਆਫਰੀਨ ਦੇ ਪਤੀ ਨੇ ਸਪੀਡ ਪੋਸਟ ਰਾਹੀਂ ਤਲਾਕ ਦਾ ਪੱਤਰ ਭੇਜਿਆ ਸੀ। ਆਫਰੀਨ ਰਹਿਮਾਨ ਨੇ ਵੀ ਤਲਾਕ ਦੇ ਮੁੱਦੇ 'ਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਆਫਰੀਨ ਦਾ ਦੋਸ਼ ਸੀ ਕਿ ਉਸ ਦੇ ਪਤੀ ਸਮੇਤ ਸਹੁਰੇ ਪੱਖ ਦੇ ਦੂਜੇ ਲੋਕਾਂ ਨੇ ਮਿਲ ਕੇ ਦਾਜ ਦੀ ਮੰਗ ਨੂੰ ਲੈ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ।
ਗੁਲਸ਼ਨ ਪਰਵੀਨ
ਉੱਤਰ ਪ੍ਰਦੇਸ਼ ਦੇ ਰਾਮਪੁਰ 'ਚ ਰਹਿਣ ਵਾਲੀ ਗੁਲਸ਼ਨ ਦਾ ਪਤੀ ਨੋਇਡਾ 'ਚ ਨੌਕਰੀ ਕਰਦਾ ਹੈ। ਇਕ ਦਿਨ ਗੁਲਸ਼ਨ ਦੇ ਪਤੀ ਨੇ 10 ਰੁਪਏ ਦੇ ਸਟਾਂਪ ਪੇਪਰ 'ਤੇ ਤਲਾਕਨਾਮਾ ਭੇਜਿਆ ਸੀ। ਵਿਆਹ ਦੇ ਤਿੰਨ ਸਾਲ ਬਾਅਦ 2016 'ਚ ਉਸ ਦੇ ਪਤੀ ਨੇ ਤਲਾਕਨਾਮਾ ਭੇਜਿਆ ਸੀ। ਗੁਲਸ਼ਨ ਦਾ 2 ਸਾਲ ਦਾ ਬੇਟਾ ਹੈ।
ਆਤੀਆ ਸਾਬਰੀ
ਉੱਤਰ ਪ੍ਰਦੇਸ਼ ਦੀ ਸਹਾਰਨਪੁਰ ਦੀ ਰਹਿਣ ਵਾਲੀ ਆਤੀਆ ਦੇ ਪਤੀ ਨੇ ਸਾਲ 2016 'ਚ ਇਕ ਕਾਗਜ਼ 'ਤੇ ਤਿੰਨ ਤਲਾਕ ਲਿਖ ਕੇ ਪਤਨੀ ਨਾਲ ਰਿਸ਼ਤਾ ਤੋੜ ਲਿਆ ਸੀ। ਸਾਲ 2012 'ਚ ਦੋਹਾਂ ਦਾ ਵਿਆਹ ਹੋਇਆ ਸੀ। ਉਨ੍ਹਾਂ ਦੀਆਂ 2 ਬੇਟੀਆਂ ਹਨ। ਆਤੀਆ ਦਾ ਦੋਸ਼ ਹੈ ਕਿ 2 ਬੇਟੀਆਂ ਹੋਣ ਕਾਰਨ ਉਸ ਦਾ ਪਤੀ ਅਤੇ ਸਹੁਰਾ ਨਾਰਾਜ਼ ਸੀ। ਸਹੁਰੇ ਵਾਲੇ ਆਤੀਆ ਨੂੰ ਘਰੋਂ ਕੱਢਣਾ ਚਾਹੁੰਦੇ ਸਨ। ਉਸ ਨੂੰ ਜ਼ਹਿਰ ਖੁਆ ਕੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ।
ਇਸ਼ਰਤ ਜਹਾਂ
ਤਿੰਨ ਚਲਾਕ ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲਿਆਂ 'ਚ ਪੱਛਮੀ ਬੰਗਾਲ ਦੇ ਹਾਵੜਾ ਦੀ ਇਸ਼ਰਤ ਜਹਾਂ ਵੀ ਸ਼ਾਮਲ ਸੀ। ਇਸ਼ਰਤ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਉਸ ਦੇ ਪਤੀ ਨੇ ਦੁਬਈ ਤੋਂ ਹੀ ਉਸ ਨੂੰ ਫੋਨ 'ਤੇ ਤਲਾਕ ਦੇ ਦਿੱਤਾ। ਇਸ਼ਰਤ ਨੇ ਕੋਰਟ ਨੂੰ ਦੱਸਿਆ ਸੀ ਕਿ ਉਸ ਦਾ ਨਿਕਾਹ 2001 'ਚ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਹਨ, ਜਿਨ੍ਹਾਂ ਨੂੰ ਪਤੀ ਨੇ ਜ਼ਬਰਨ ਆਪਣੇ ਕੋਲ ਰੱਖ ਲਿਆ ਹੈ। ਇਸ਼ਰਤ ਨੇ ਪਟੀਸ਼ਨ ਦਾਇਰ ਕਰ ਕੇ ਤਿੰਨ ਤਲਾਕ ਨੂੰ ਗੈਰ-ਸੰਵਿਧਾਨਕ ਅਤੇ ਮੁਸਲਿਮ ਔਰਤਾਂ ਦੇ ਮਾਣਪੂਰਨ ਜੀਵਨ ਜਿਉਂਣ ਦੇ ਅਧਿਕਾਰ ਦੀ ਉਲੰਘਣਾ ਦੱਸਿਆ ਹੈ।