ਮਾਨਸਾ, 22 ਅਗਸਤ, 2017 : ਬੈਂਕ ਅਫਸਰਾਂ ਅਤੇ ਮੁਲਾਜਮਾਂ ਵੱਲੋਂ ਅੱਜ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਬੈਨਰ ਹੇਠ ਇੱਥੇ ਸਟੇਟ ਬੈਂਕ ਆਫ ਇੰਡੀਆ ਮਾਨਸਾ ਦੇ ਸਾਹਮਣੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਅਫਸਰਾਂ ਅਤੇ ਮੁਲਾਜਮਾਂ ਵੱਲੋਂ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਗਈ। ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਜਿਸ ਵਿੱਚ 9 ਬੈਂਕ ਯੂਨੀਅਨਾਂ ਸ਼ਾਮਿਲ ਹਨ ਵੱਲੋ ਅੱਜ ਇੱਕ ਰੋਜਾ ਹੜਤਾਲ ਦਾ ਸੱਦਾ ਦਿੱਤਾ ਗਿਆ। ਬੈਂਕ ਮੁਲਾਜਮਾਂ ਨੇ ਕੇਂਦਰ ਸਰਕਾਰ ਦੀਆਂ ਪਬਲਿਕ ਸੈਕਟਰ ਵਿਰੋਧੀ ਨੀਤੀਆਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ। ਅੱਜ ਦੀ ਇਸ ਹੜਤਾਲ ਵਿੱਚ ਪੂਰੇ ਦੇਸ਼ ਵਿੱਚੋਂ 10 ਲੱਖ ਮੁਲਾਜਮ ਭਾਗ ਲੈਣਗੇ। ਬੈਂਕ ਮੁਲਾਜਮਾਂ ਦੀਆਂ ਮੁੱਖ ਮੰਗਾਂ ਹਨ ਕਿ ਬੈਂਕਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਬੈਂਕਾਂ ਦੇ ਰਲੇਵੇਂ ਬੰਦ ਕੀਤੇ ਜਾਣ, ਕਾਰਪੋਰੇਟ ਐਨ.ਪੀ.ਏ. ਮੁਆਫ ਨਾ ਕੀਤੇ ਜਾਣ ਸਗੋਂ ਰਿਕਵਰੀ ਦੇ ਪ੍ਰਬੰਧ ਕੀਤੇ ਜਾਣ। ਜਾਣ ਬੁੱਝ ਕੇ ਬੈਂਕ ਦੇ ਲੋਨ ਮੋੜਨ ਨੂੰ ਫੌਜਦਾਰੀ ਅਪਰਾਧ ਕਰਾਰ ਦਿੱਤਾ ਜਾਵੇ । ਐਨ.ਪੀ.ਏ. ਦੀ ਰਿਕਵਰੀ ਲਈ ਪਾਰਲੀਮੈਂਟਰੀ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਵੇ। ਬੈਂਕ ਦੇ ਪ੍ਰਮੁੱਖ ਮੈਨੇਜਮੈਂਟ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਐਨ.ਪੀ.ਏ. ਲਈ ਜਵਾਬਦੇਹ ਬਣਾਇਆ ਜਾਵੇ ਆਦਿ ਹੋਰ ਬਹੁਤ ਸਾਰੀਆਂ ਮੰਗਾਂ ਹਨ। ਅੱਜ ਇਸ ਮੌਕੇ ਤੇ ਐਸੋਸੀਏਸ਼ਨ ਦੇ ਆਗੂ ਅਮਰੀਕ ਸਿੰਘ, ਨਿਰਪਾਲ ਸਿੰਘ, ਰਾਕੇਸ਼ ਗਰਗ, ਟੋਨੀ ਬਾਂਸਲ, ਕੁਲਦੀਪ ਕੁਮਾਰ, ਐਸ.ਕੇ. ਭਾਰਦਵਾਜ, ਵਿਕਾਸ ਸਿੰਗਲਾ, ਪਰਵੀਨ ਗਰਗ ਨੇ ਸੰਬੋਧਨ ਕੀਤਾ।