ਸ਼ਿਵ ਸੈਨਾ ਹਿੰਦੁਸਤਾਨ ਚ ਨੌਜਵਾਨਾ ਨੂੰ ਸ਼ਾਮਿਲ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਉਨ੍ਹਾਂ ਦੇ ਨਾਲ ਹੋਰ ਅਧਿਕਾਰੀ।
ਪਟਿਆਲਾ, 21 ਅਗਸਤ, 2017 : ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਵੱਲੋਂ ਕਟੱਰਵਾਦੀ ਹਿੰਦੂ ਵਾਦੀ ਨੀਤੀਆਂ ਅਤੇ ਦੇਸ਼ ਵਿਰੋਧੀ ਅੱਤਵਾਦੀ ਸੰਗਠਨਾਂ ਦੇ ਖ਼ਿਲਾਫ਼ ਛੇੜੀ ਜੰਗ ਨੂੰ ਵੇਖਦੇ ਵੱਡੀ ਗਿਣਤੀ ਚ ਪੰਜਾਬ ਦੇ ਨੌਜਵਾਨ ਸ਼ਿਵ ਸੈਨਾ ਹਿੰਦੁਸਤਾਨ ਨਾਲ ਸ਼ਾਮਿਲ ਹੋ ਰਹੇ ਹਨ। ਜਿਸ ਤਹਿਤ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਫ਼ਿਰੋਜਪੁਰ ਵਰਗੇ ਸ਼ਹਿਰਾਂ ਚ ਵੱਡੀ ਗਿਣਤੀ ਚ ਨੌਜਵਾਨ ਸ਼ਿਵ ਸੈਨਾ ਚ ਸ਼ਾਮਿਲ ਹੋਏ ਹਨ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਪ੍ਰਧਾਨ ਸ੍ਰੀ ਕ੍ਰਿਸ਼ਨ ਸ਼ਰਮਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸੇ ਕੜੀ ਤਹਿਤ ਅੱਜ ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ ਵਿਨੀਤ ਸਹਿਗਲ ਵੱਡੀ ਗਿਣਤੀ ਚ ਆਪਣੇ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਚ ਸ਼ਾਮਿਲ ਹੋਏ।
ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਵੱਲੋਂ ਸਿਰੋਪਾ ਪਾ ਕੇ ਪਾਰਟੀ ਚ ਸ਼ਾਮਿਲ ਕੀਤਾ ਗਿਆ। ਇਸ ਦੇ ਨਾਲ ਹੀ ਵਿਨੀਤ ਨੂੰ ਪਾਰਟੀ ਦੀ ਜ਼ਿਲ੍ਹਾ ਇਕਾਈ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਨੇ ਕਿਹਾ ਕਿ ਸੂਬੇ ਚ ਕਾਨੂੰਨ ਦੀ ਸਥਿਤੀ ਭੰਗ ਹੁੰਦੀ ਜਾ ਰਹੀ ਹੈ। ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਵੱਲੋਂ ਡੇਰਾ ਸਿਰਸਾ ਦੇ ਮੁਖੀ ਖ਼ਿਲਾਫ਼ ਚੱਲ ਰਹੇ ਕੇਸ ਦਾ ਫ਼ੈਸਲਾ 25 ਅਗਸਤ ਨੂੰ ਸੁਣਾਉਣ ਸਬੰਧੀ ਗੁਪਤਾ ਨੇ ਕਿਹਾ ਕਿ ਉਹ ਦੇਸ਼ ਦੀ ਜੁਡੀਸ਼ਿਅਲੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ ਤੇ ਜੇਕਰ ਇਸ ਫ਼ੈਸਲੇ ਦਾ ਕਿਸੇ ਨੂੰ ਵਿਰੋਧ ਵੀ ਹੋਵੇ ਤਾਂ ਉਨ੍ਹਾਂ ਨੂੰ ਕਾਨੂੰਨੀ ਢੰਗ ਨਾਲ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਗੁਪਤਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਖੰਨਾ ਵਿਖੇ ਹੋਈ ਗੈਂਗਵਾਰ ਦੌਰਾਨ ਰੁਪਿੰਦਰ ਗਾਂਧੀ ਨੂੰ ਗੋਲੀ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਦੂਜੇ ਪਾਸੇ ਸੂਬੇ ਭਰ ਚ ਵੱਖ ਵੱਖ ਖਾਲੀਸਤਾਨੀ ਅੱਤਵਾਦੀ ਸੰਗਠਨਾਂ ਵੱਲੋਂ ਸੜਕਾਂ ਤੇ ਲਗਾਏ ਜਾ ਰਹੇ ਨਾਅਰੇ ਪੁਲਿਸ ਵੱਲੋਂ ਕੀਤੀ ਜਾਂਦੀ ਕਾਰਵਾਈ ਤੇ ਪ੍ਰਸ਼ਨ ਖੜੇ ਕਰ ਰਹੇ ਹਨ। ਪਾਰਟੀ ਮੁਖੀ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਜਿਹੜੇ ਗੈਂਗਸਟਰ ਜਾ ਫੇਰ ਖਾਲੀਸਤਾਨੀ ਅੱਤਵਾਦੀ ਸੰਗਠਨ ਸੂਬੇ ਚ ਕਾਨੂੰਨ ਦੀ ਸਥਿਤੀ ਨੂੰ ਭੰਗ ਕਰ ਰਹੇ ਹਨ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਸੂਬਾ ਮੀਤ ਪ੍ਰਧਾਨ ਮਨੋਜ ਟਿਕੂ, ਮਾਲਵਾ ਜ਼ੋਨ ਦੇ ਪ੍ਰਧਾਨ ਪਰਵੀਤ ਕਥੂਰੀਆ, ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਉੱਤਰੀ ਭਾਰਤ ਦੇ ਪ੍ਰਧਾਨ ਰਾਜੇਸ਼ ਕੌਸ਼ਿਕ, ਜ਼ਿਲ੍ਹਾ ਪ੍ਰਧਾਨ ਸ਼ਮਾਕਾਂਤ ਪਾਂਡੇ, ਜ਼ਿਲ੍ਹਾ ਆਈ.ਟੀ. ਸੈੱਲ ਦਾ ਪ੍ਰਧਾਨ ਪਵਨ ਸਡਾਨਾ, ਸੂਬਾ ਸੰਯੋਜਕ ਅਤੇ ਜ਼ਿਲ੍ਹਾ ਮਹਿਲਾ ਵਿੰਗ ਦੀ ਪ੍ਰਧਾਨ ਸਵਰਾਜ ਘੁੰਮਣ, ਜ਼ਿਲ੍ਹਾ ਪੰਡਿਤ ਸੈੱਲ ਦੇ ਪ੍ਰਧਾਨ ਪੰਡਿਤ ਬਦਰੀ ਪ੍ਰਸ਼ਾਦ, ਜਨਰਲ ਸਕੱਤਰ ਅਤੁੱਲ ਤਿਆਗੀ, ਜ਼ਿਲ੍ਹਾ ਮੀਤ ਪ੍ਰਧਾਨ ਰਾਜੇਂਦਰ ਯਾਦਵ, ਜ਼ਿਲ੍ਹਾ ਪ੍ਰਧਾਨ ਮਜ਼ਦੂਰ ਸੈਨਾ ਰਾਜਕੁਮਾਰ ਲਾਡੀ, ਜ਼ਿਲ੍ਹਾ ਪ੍ਰਧਾਨ ਵਿਦਿਆਰਥੀ ਸੈਨਾ ਪ੍ਰਦੀਪ ਵਰਮਾ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।