ਬਠਿੰਡਾ, 21 ਅਗਸਤ, 2017 : 21 ਅਗਸਤ ਤੋਂ 31 ਅਗਸਤ ਤੱਕ ਚੱਲਣ ਵਾਲੇ ਪੰਜਾਬ ਸਰਕਾਰ ਦੇ ਸਟੇਟ ਦਰਜੇ ਦੇ ਨੌਕਰੀ ਮੇਲੇ (ਘਰ-ਘਰ ਨੌਕਰੀ) ਦਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਉਦਘਾਟਨ ਕੀਤਾ ਗਿਆ।
ਉਪਰਾਲੇ ਦੇ ਸ਼ਲਾਘਾ ਕਰਦਿਆਂ ਵਾਇਸ - ਚਾਂਸਲਰ ਡਾ ਮੋਹਨ ਪਾਲ ਸਿੰਘ ਈਸ਼ਰ ਨੇ ਕਿਹਾ ਕਿ ਇਸ ਨਾਲ ਪੰਜਾਬ ਸੂਬੇ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦਾ ਅਵਸਰ ਪ੍ਰਾਪਤ ਹੋਵੇਗਾ। ਉਨਾਂ ਵਿਦਿਆਰਥੀਆਂ ਅਤੇ ਪਹੁੰਚੀਆਂ ਹੋਈਆਂ ਕੰਪਨੀਆਂ ਨੂੰ ਇਸ ਨੌਕਰੀ ਮੇਲੇ ਦੌਰਾਨ ਹਰ ਤਰਾਂ ਦਾ ਸਹਿਯੋਗ ਮੁਹੱਈਆ ਕਰਵਾਉਣ ਦਾ ਆਸ਼ਵਾਸਨ ਦਿੱਤਾ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਮੰਨੀਆਂ-ਪ੍ਰਮੰਨੀਆਂ 60 ਕੰਪਨੀਆਂ ਇਸ 10 ਦਿਨਾਂ ਨੌਕਰੀ ਮੇਲੇ ਵਿੱਚ ਹਿੱਸਾ ਲੈ ਰਹੀਆਂ ਹਨ ਜਿਨਾਂ ਵਿੱਚੋਂ ਸਕਾਈਕੋਨ ਟੈਕਨਾਲਜੀ, ਕੋਟਕ ਮਹਿੰਦਰਾ, ਮਾਲਵਾ ਇੰਡਸਟਰੀਜ਼ ਆਦਿ ਨੇ ਅੱਜ ਦੇ ਸਮਾਰੋਹ ਵਿੱਚ ਹਿੱਸਾ ਲਿਆ ਅਤੇ ਯੋਗ ਵਿਦਿਆਰਥੀਆਂ ਨਾਲ ਇੰਟਰਵਿਊ ਅਤੇ ਟੈਸਟ ਆਦਿ ਕੀਤੀ। ਪਹਿਲੇ ਦਿਨ 1200 ਤੋਂ ਵੱਧ ਵਿਦਿਆਰਥੀਆਂ ਨੇ ਇਸ ਨੌਕਰੀ ਮੇਲੇ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਵਿੱਚ ਇਸ ਨੌਕਰੀ ਮੇਲੇ ਸਬੰਧੀ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਹਰ ਕੰਪਨੀ ਲਈ ਇੱਕ ਵੱਖਰੇ ਕਾੳਂੂਟਰ ਦਾ ਪ੍ਰਬੰਧ ਕੀਤਾ ਗਿਆ। ਵਿਦਿਆਰਥੀਆਂ ਦੀ ਭਰਤੀ ਕਰਨ ਦੀ ਪ੍ਰਣਾਲੀ ਕਾਫੀ ਸਟੇਜਾਂ ਜਿਵੇਂ ਕਿ ਲਿਖਤੀ ਟੈਸਟ, ਗਰੁੱਪ ਡਿਸਕਸ਼ਨ, ਸੈਮੀਨਾਰ, ਇੰਟਰਵਿਊ ਆਦਿ ਨਾਲ ਕੀਤੀ ਗਈ। ਉਨਾਂ ਕਿਹਾ ਕਿ ਨੌਕਰੀ ਲਈ ਚੁਣੇ ਜਾਣ ਵਾਲੇ ਵਿਦਿਆਰਥੀਆਂ ਨੂੰ ਜਲਦ ਹੀ ਸੂਚਿਤ ਕਰ ਦਿੱਤਾ ਜਾਵੇਗਾ।