ਮੋਗਾ, 21 ਅਗਸਤ, 2017 : ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਲੋਕਾਂ ਨੂੂੰ ਇੱਕ ਛੱਤ ਹੇਠ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ਸੇਵਾ ਕੇਂਦਰਾਂ ਰਾਹੀਂ ਗਮਾਡਾ ਨਾਲ ਸਬੰਧਤ ਸੇਵਾਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਤਹਿਤ ਕਿਸੇ ਵੀ ਜ਼ਿਲ੍ਹੇ ਦਾ ਵਸਨੀਕ ਗਮਾਡਾ ਨਾਲ ਸਬੰਧਤ ਸੇਵਾਵਾਂ ਉਸੇ ਜ਼ਿਲ੍ਹੇ ਵਿੱਚ ਸਥਿਤ ਸੇਵਾ ਕੇਂਦਰ ਰਾਹੀਂ ਅਰਜ਼ੀ ਦੇ ਕੇ ਪ੍ਰਾਪਤ ਕਰ ਸਕੇਗਾ।
ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ (ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨਾਲ ਸਬੰਧਤ 5 ਸੇਵਾਵਾਂ ਹੁਣ ਜ਼ਿਲ੍ਹਾ ਮੋਗਾ ਦੇ 82 ਸੇਵਾ ਕੇਂਦਰਾਂ ਵਿੱਚ ਕਿਸੇ ਵੀ ਥਾਂ 'ਤੇ ਅਰਜ਼ੀ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਸੇਵਾਵਾਂ ਵਿੱਚ ਰਿਹਾਇਸ਼ੀ ਇਮਾਰਤੀ ਨਕਸ਼ੇ/ਸੋਧੇ ਇਮਾਰਤੀ ਨਕਸ਼ੇ ਦੀ ਪ੍ਰਵਾਨਗੀ, ਵਪਾਰਕ ਇਮਾਰਤੀ ਨਕਸ਼ੇ/ਸੋਧੇ ਨਕਸ਼ੇ ਦੀ ਪ੍ਰਵਾਨਗੀ, ਇਮਾਰਤ ਲਈ ਮੁਕੰਮਲਤਾ ਸਰਟੀਫ਼ਿਕੇਟ/ਕਬਜ਼ਾ ਸਰਟੀਫ਼ਿਕੇਟ, ਇਤਰਾਜ਼-ਹੀਣਤਾ ਸਰਟੀਫ਼ੀਕੇਟ/ਡੁਪਲੀਕੇਟ ਅਲਾਟਮੈਂਟ/ਰੀ-ਅਲਾਟਮੈਂਟ ਪੱਤਰ, ਜਲ ਸਪਲਾਈ ਤੇ ਸੀਵਰੇਜ ਕੁਨੈਕਸ਼ਨ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਗਮਾਡਾ ਨਾਲ ਸਬੰਧਤ ਕੰਮ-ਕਾਰ ਵਾਲੇ ਲੋਕਾਂ ਨੂੰ ਇਹ ਸੇਵਾਵਾਂ ਲਈ ਹੁਣ ਸੇਵਾ ਕੇਂਦਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਘਰਾਂ ਦੇ ਨੇੜੇ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਜ਼ਿਲ੍ਹੇ 'ਚ ਸਥਿਤ 82 ਸੇਵਾ ਕੇਂਦਰਾਂ 'ਤੇ ਸਮਾਂ-ਬੱਧ ਢੰਗ ਨਾਲ ਸਫ਼ਲਤਾ ਪੂਰਵਿਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਖੋਲ੍ਹੇ ਗਏ ਕੁੱਲ 82 ਸੇਵਾ ਕੇਂਦਰਾਂ ਵਿਚੋਂ 70 ਸੇਵਾ ਕੇਂਦਰ ਟਾਈਪ-3, 11 ਸੇਵਾ ਕੇਂਦਰ ਟਾਈਪ-2 ਅਤੇ ਇੱਕ ਸੇਵਾ ਕੇਦਰ ਟਾਈਪ-1 ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਨੂੰ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।