ਮ੍ਰਿਤਕ ਮਨਵਿੰਦਰ ਮਿੰਦੀ ਦੀ ਫਾਈਲ ਫੋਟੋ
ਵਿਜੇਪਾਲ ਬਰਾੜ
ਚੰਡੀਗੜ੍ਹ, 21 ਅਗਸਤ, 2017 : ਐਤਵਾਰ ਸਵੇਰੇ ਆਪਣੇ ਖ਼ੇਤਾਂ ਵਿਚ ਖੰਨਾ ਲਾਗੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦੇ ਕਤਲ ਦੀ ਜਿੰਮੇਵਾਰੀ ਰਵੀ ਸਰਪੰਚ ਗਰੁੱਪ ਨੇ ਲੈ ਲਈ ਹੈ। ਪੁਲਿਸ ਜਦ ਇਸ ਕੇਸ ਨੂੰ ਹੱਲ ਕਰਨ ਲਈ ਸੀ.ਸੀ.ਟੀ.ਵੀ. ਆਦਿ ਦੀ ਫੁੱਟੇਜ ਤਲਾਸ਼ ਕੇ ਮਾਮਲੇ ਦੀ ਤਹਿ ਤਕ ਪਹੁੰਚਣ ਦਾ ਯਤਨ ਕਰ ਰਹੀ ਹੈ ਰਵੀ ਸਰਪੰਚ ਗਰੁੱਪ ਵੱਲੋਂ ਗੁਰਜੋਤ ਗਰਚਾ ਨੇ ਸਾਹਮਣੇ ਆਉਂਦਿਆ ਕਿਹਾ ਹੈ ਕਿ ਇਸ ਕਤਲ ਵਿਚ ਉਹਦਾ ਅਤੇ ਰਿੰਦਾ ਸੰਧੂ ਦਾ ਰੋਲ ਹੈ, ਕਿਸੇ ਹੋਰ ਦਾ ਨਹੀਂ।
ਕਾਬਿਲੇਗੌਰ ਹੈ ਕਿ ਖਵਾਜਕੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਉਰਫ਼ ਰਵੀ ਨੂੰ 21 ਫ਼ਰਵਰੀ 2016 ਨੂੰ ਚਾਰ ਹਥਿਆਰਬੰਦ ਵਿਅਕਤੀਆਂ ਨੇ ਲੁਧਿਆਣਾ ਵਿਚ ਮਲੇਰਕੋਟਲਾ ਰੋਡ ’ਤੇ ਸਥਿਤ ਗਿੱਲ ਗਾਰਡਨ ਮੈਰਿਜ ਪੈਲੇਸ ਵਿਚ ਉਸ ਵੇਲੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਦ ਉਹ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਲਈ ਆਇਆ ਹੋਇਆ ਸੀ।
ਆਪਣੇ ਫ਼ੇਸਬੁੱਕ ਅਕਾਊਂਟ ’ਤੇ ਜਿੰਮੇਵਾਰੀ ਕਬੂਲਦਿਆਂ ਜੋ ਪੋਸਟ ਗੁਰਜੋਤ ਗਰਚਾ ਨੇ ਫ਼ੇਸ ਬੁੱਕ ’ਤੇ ਲਿਖਿਆ ਹੈ :
'ਮੈਂ ਸਭ ਨੂੰ ਦੱਸਣਾ ਚਾਹੁਣਾ ਇਹ ਜਿਹੜਾ ਮਿੰਦੀ ਦਾ ਮਰਡਰ ਹੋਇਆ ਇਹਦੇ ਵਿਚ ਮੇਰਾ ਤੇ ਮੇਰੇ ਵੀਰ ਰਿੰਦਾ ਸੰਧੂ ਦਾ ਰੋਲ ਐ। ਹੋਰ ਕਿਸੇ ਦਾ ਇਹਦੇ ਵਿਚ ਕੋਈ ਹੱਥ ਨਹੀਂ। ਰਿੰਦਾ ਉਹ ਯਾਰਾਂ ਦਾ ਯਾਰ ਹੈ ਜਿਹੜੇ ਪੁੱਤ ਕੋਈ ਹੀ ਮਾਂ ਜੰਮਦੀ ਐ। ਨਾਲ ਹੀ ਮੈਂ ਪੁਲਿਸ ਨੂੰ ਇਹ ਰਿਕਵੈਸਟ ਕਰਦਾ ਕਿ ਕਿਸੇ ਵੀ ਮੇਰੇ ਯਾਰ ਦੋਸਤ ਨਾਲ ਨਾਜਾਇਜ਼ ਨਾ ਕੀਤੀ ਜਾਵੇ। ਕਿਉਂਕਿ ਜਿਹੜਾ ਮੇਰੇ ’ਤੇ ਪਹਿਲਾਂ ਪਰਚਾ ਹੋਇਆ ਸੀ ਉਹ ਬਿਲਕੁਲ ਪੁਲਿਸ ਨੇ ਨਾਜਾਇਜ਼ ਦਿੱਤਾ ਸੀ। ਉਹ ਇਕ ਨਾਜਾਇਜ਼ ਪਰਚਾ ਸੀ ਜਿਸ ਨੇ ਮੈਨੂੰ ਨੌਰਮਲ ਲਾਈਫ਼ ਵਿਚ ਵਾਪਸ ਨਹੀਂ ਜਾਣ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦਕ ਪੁੱਤ ਨਾਲ ਮੇਰੇ ਵਾਂਗ ਹੋਵੇ।
ਮਿੰਦੀ ਨੂੰ ਮਾਰਣ ਦਾ ਕਾਰਨ ਸੀ ਕਿ ਉਸਨੇ ਅੱਜ ਤਕ ਜਾਂ ਆਵਦੇ ਭਰਾ ਗਾਂਧੀ ਦਾ ਨਾਂਅ ਵਰਤਿਆ ਜਾਂ ਯਾਰ ਵਰਤੇ ਨੇ ਇਹ ਸਭ ਨੂੰ ਪਤਾ। ਇਸ ਇਨਸਾਨ ਨੇ ਆਵਦੀ ਫਰੀ ਦੀ ਪਬਲਿਫਸਟੀ ਲਈ ਸਕੂਲ ’ਤੇ ਟਿਊਸ਼ਨਾਂ ਦੇ ਵੀ ਪ੍ਰਧਾਨ ਲਾਏ। ਇਹਨੇ ਇਹ ਨੀ ਸੋਚਿਆ ਕਿ ਮੈਂ ਕਿਸੇ ਦੇ ਬੱਚਿਆਂ ਨੂੰ ਕਿਸ ਰਸਤੇ ਪਾ ਰਿਹਾ ਹਾਂ।
ਜਿਸ ਦਿਨ ਰਵੀ ਬਾਈ ਤੋਂ ਗਲਤੀ ਨਾਲ ਗੋਲੀ ਵੱਜੀ ਇਹਨਾਂ ਨੇ ਉਦੋਂ ਵੀ ਝੂਠਾ ਰੌਲਾ ਪਾਇਆ ਕਿ ਅਸੀਂ ਗਰਚਿਆਂ ਦੇ ਗੋਲੀ ਮਾਰੀ। ਸੱਚ ਇਹ ਕਿ ਇਹ ਤਾਂ ਗੋਲੀ ਚੱਲੀ ’ਤੇ ਆਵਦੇ ਨਾਲ ਦੇ ਕਾਲੇ ਨੂੰ ਵੀ ਛੱਡਕੇ ਭੱਜ ਗਏ ਸੀ।
ਜੇ ਕਿਸੇ ਨੂੰ ਮਿੰਦੀ ਦੀ ਮੌਤ ਦਾ ਜ਼ਿਆਦਾ ਹੀ ਦੁੱਖ ਆ ਉਹ ਇਥੇ ਮੈਸੇਜ ਕਰ ਸਕਦਾ। ਉਹਨੂੰ ਵੀ ਜਲਦੀ ਹੀ ਮਿਲ ਲਵਾਂਗੇ।
ਜੁਬਾਨ ਫ਼ਤਹਿ, ਜਹਾਨ ਫ਼ਤਹਿ, ਹਰ ਮੈਦਾਨ ਫ਼ਤਹਿ (ਰਵੀ ਸਰਪੰਚ)