ਮਲੇਰਕੋਟਲਾ/ ਸੰਗਰੂਰ 20 ਅਗਸਤ 2017 : ਮਲੇਰਕੋਟਲਾ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਅਮਨ ਸਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਨਾਪਾਕ ਸਾਜ਼ਿਸ ਕਰਨ ਲਈ ਜੋ ਅੱਜ ਸਵੇਰੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦਾ ਮਾਮਲਾ ਸਾਮ੍ਹਣੇ ਆਇਆ ਹੈ, ਉਹ ਬਹੁਤ ਹੀ ਨਿੰਦਣਯੋਗ ਅਤੇ ਨਾਕਾਬਿਲੇ ਬਰਦਾਸ਼ਤ ਹੈ। ਇਹ ਪ੍ਰਗਟਾਵਾ ਰਾਜ ਮੰਤਰੀ ਪੰਜਾਬ ਸ੍ਰੀਮਤੀ ਰਜ਼ੀਆਂ ਸੁਲਤਾਨਾ ਨੇ ਅੱਜ ਸ਼ਾਮ ਮਲੇਰਕੋਟਲਾ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਬੇਅਦਬੀ ਦੀ ਘਟਨਾਵਾਂ ਨੂੰ ਲੈ ਕੇ ਬਹੁਤ ਹੀ ਸੰਜੀਦਾ ਅਤੇ ਸਖ਼ਤ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ਼ ਅਤੇ ਸਿਰਫ਼ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀਆਂ ਕੋਝੀਆਂ ਸਾਜ਼ਿਸਾਂ ਦਾ ਨਤੀਜਾ ਹੈ ਜਿਸਨੂੰ ਕਿਸੇ ਕੀਮਤ 'ਤੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ।
ਰਾਜ ਮੰਤਰੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ 'ਤੇ ਪੁਲਿਸ ਨੇ ਅੱਜ ਇਸ ਗੰਭੀਰ ਘਟਨਾ ਨੂੰ ਬੜੀ ਸੰਜ਼ੀਦਗੀ ਨਾਲ ਲੈਂਦਿਆਂ ਦੋਸ਼ੀਆਂ ਖਿਲਾਫ਼ ਥਾਣਾ ਸਿਟੀ-1 ਵਿਖੇ ਮੁਕੱਦਮਾ ਨੰਬਰ 89 ਅਧੀਨ ਧਾਰਾ 295 ਏ ਤਹਿਤ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਤੁਰੰਤ ਮਾਮਲਾ ਦਰਜ਼ ਕਰ ਲਿਆ ਹੈ ਅਤੇ ਪੁਲਿਸ ਪ੍ਰਸ਼ਾਸ਼ਨ ਦੋਸ਼ੀਆਂ ਦੀ ਭਾਲ ਵਿੱਚ ਜੁਟ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਜਲਦੀ ਤੋਂ ਜਲਦੀ ਤਲਾਸ਼ ਕਰਕੇ ਸਖ਼ਤ ਕਾਨੂੰਨੀ ਸਜ਼ਾ ਦਿੱਤੀ ਜਾਵੇਗੀ।
ਸ੍ਰੀਮਤੀ ਰਜ਼ੀਆਂ ਸੁਲਤਾਨਾ ਨੇ ਕਿਹਾ ਕਿ ਮਲੇਰਕੋਟਲਾ ਸ਼ਹਿਰ ਸਾਰੇ ਧਰਮਾਂ ਦਾ ਸਾਂਝਾਂ ਸ਼ਹਿਰ ਹੈ ਜਿਥੇ ਸਭ ਆਪਸੀ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ। ਇਸ ਲਈ ਘਟਨਾ ਉਪਰੰਤ ਸਾਰੇ ਹੀ ਭਾਈਚਾਰਿਆਂ ਦੇ ਲੋਕ ਅਮਨ ਸਾਂਤੀ ਅਤੇ ਭਾਈਚਾਰਕ ਸਾਂਝ ਦੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦੀਆਂ ਬੇਬੁਨਿਆਦ ਅਤੇ ਝੂਠੀਆਂ ਅਫ਼ਵਾਹਾਂ ਦਾ ਸ਼ਿਕਾਰ ਨਾ ਬਣਨ, ਤਾਂ ਜੋ ਸ਼ਹਿਰ ਦਾ ਮਾਹੌਲ ਖਰਾਬ ਨਾ ਸਕੇ। ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬੇਬੁਨਿਆਦ ਅਤੇ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀ ਕਰੇਗੀ ਅਤੇ ਅਮਨ ਸਾਂਤੀ ਨੂੰ ਹਰ ਕੀਮਤ ਤੇ ਬਰਕਰਾਰ ਰੱਖਿਆ ਜਾਵੇਗਾ।
ਇਸ ਮੌਕੇ ਨਿਸ਼ਾਤ ਅਖਤਰ, ਆਕਿਲ ਅਖਤਰ, ਐਸ.ਡੀ.ਐਮ. ਮਲੇਰਕੋਟਲਾ ਪ੍ਰੀਤੀ ਯਾਦਵ, ਐਸ.ਪੀ. ਮਲੇਰਕੋਟਲਾ ਰਾਜਕੁਮਾਰ ਵੀ ਹਾਜ਼ਰ ਸਨ।