ਲੁਧਿਆਣਾ, 20 ਅਗਸਤ, 2017 : ਜ਼ਿਲ੍ਹਾ ਲੁਧਿਆਣਾ ਵਿੱਚ ਚੱਲ ਰਹੇ ਹੁਨਰ ਸਿਖ਼ਲਾਈ ਕੇਂਦਰਾਂ (ਸਕਿੱਲ ਡਿਵੈੱਲਪਮੈਂਟ ਸੈਂਟਰਾਂ) ਨੂੰ ਸਫ਼ਲ ਕਰਨ ਲਈ ਅਤੇ ਨੌਜਵਾਨਾਂ ਨੂੰ ਕਿੱਤਾਮੁੱਖੀ ਸਿੱਖਿਆ ਨਾਲ ਜੋੜਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਰੇ ਕੇਂਦਰਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ, ਤਾਂ ਜੋ ਹੁਨਰ ਸਿਖ਼ਲਾਈ ਸੰਬੰਧੀ ਪੰਜਾਬ ਸਰਕਾਰ ਦਾ ਸੁਨੇਹਾ ਘਰ-ਘਰ ਤੱਕ ਪਹੁੰਚ ਸਕੇ ਅਤੇ ਲੋੜਵੰਦ ਨੌਜਵਾਨ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਇਨ੍ਹਾਂ ਕੇਂਦਰਾਂ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਵਿੱਚ 5 ਹੁਨਰ ਸਿਖ਼ਲਾਈ ਕੇਂਦਰ ਚੱਲ ਰਹੇ ਹਨ, ਜਿਨ੍ਹਾਂ ਨੂੰ ਭਾਵੇਂ ਕਿ ਸਿੱਖਿਆਰਥੀਆਂ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਇਨ੍ਹਾਂ ਕੇਂਦਰਾਂ ਵਿੱਚ ਹਾਲੇ ਹੋਰ ਕਈ ਸਿੱਖਿਆਰਥੀ ਦਾਖ਼ਲਾ ਲੈ ਕੇ ਲਾਹਾ ਲੈ ਸਕਦੇ ਹਨ। ਫ਼ਿਲਹਾਲ ਇਨ੍ਹਾਂ ਕੋਰਸਾਂ ਵਿੱਚ 26 ਤੋਂ 70 ਸਿਖਿਆਰਥੀਆਂ ਨੇ ਦਾਖ਼ਲਾ ਲੈ ਕੇ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਫਿਰ ਵੀ ਹਾਲੇ ਹੋਰ ਸਿਖ਼ਿਆਰਥੀ ਵੀ ਦਾਖ਼ਲਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਲੁਧਿਆਣਾ ਵਿਖੇ ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ (ਲੜਕੇ) ਵਿਖੇ ਬਹੁਪੱਖੀ ਹੁਨਰ ਵਿਕਾਸ ਕੇਂਦਰ ਚੱਲ ਰਿਹਾ ਹੈ, ਜਿਸ ਵਿੱਚ ਸਿਲਾਈ ਮਸ਼ੀਨ ਆਪਰੇਟਰ, ਅਸਿਸਟੈਂਟ ਫੈਸ਼ਨ ਡਿਜਾਈਨਰ, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਜਿੰਮ ਅਸਿਸਟੈਂਟ ਟਰੇਨਰ, ਫਿੱਟਰ ਮੈਕੇਨੀਕਲ ਅਸੈਂਬਲੀ ਅਤੇ ਸੀ. ਐੱਨ. ਸੀ. ਦੇ ਕੋਰਸ ਕਰਵਾਏ ਜਾ ਰਹੇ ਹਨ। ਸਿਖ਼ਿਆਰਥੀ ਇਥੇ ਦਾਖ਼ਲਾ ਲੈਣ ਲਈ ਸੰਪਰਕ ਨੰਬਰ 9872541074 'ਤੇ ਸੰਪਰਕ ਕਰ ਸਕਦੇ ਹਨ। ਲੁਧਿਆਣਾ ਵਿਖੇ ਹੀ ਸੈਕਟਰ-39 ਜਮਾਲਪੁਰ ਵਿਖੇ ਆਈ. ਐੱਲ. ਐਂਡ ਐੱਫ.ਐੱਸ. ਸਰਵਿਸਿਜ਼ ਕੇਂਦਰ ਚੱਲ ਰਿਹਾ ਹੈ, ਜਿੱਥੇ ਅਸਿਸਟੈਂਟ ਹੇਅਰ ਸਟਾਈਲਿਸਟ, ਰਿਟੇਲ ਟਰੇਨੀ ਐਸੋਸੀਏਟ ਅਤੇ ਕਸਟਮਰ ਕੇਅਰ ਐਗਜੀਕਿਊਟਿਵ ਕੋਰਸ ਕਰਵਾਏ ਜਾ ਰਹੇ ਹਨ ਅਤੇ ਇਸ ਲਈ ਸੰਪਰਕ ਨੰਬਰ 9779073467 'ਤੇ ਜਾਣਕਾਰੀ ਲਈ ਜਾ ਸਕਦੀ ਹੈ।
ਸ਼ਹਿਰ ਖੰਨਾ ਵਿਖੇ ਸੈਂਟਮ ਲਰਨਿੰਗ ਲਿਮਟਿਡ ਵੱਲੋਂ ਵਾਲੀਆ ਸੀਨੀਅਰ ਸੈਕੰਡਰੀ ਸਕੂਲ ਡਿਸਪੋਜ਼ਲ ਰੋਡ ਵਿਖੇ ਅਤੇ ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਦੋ ਕੇਂਦਰ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਕਰਮਵਾਰ ਅਸਿਸਟੈਂਟ ਬਿਊਟੀ ਥੈਰੇਪਿਸਟ, ਕਸਟਮਰ ਕੇਅਰ ਐਗਜੀਕਿਊਟਿਵ ਅਤੇ ਡਾਟਾ ਐਂਟਰੀ ਆਪਰੇਟਰ, ਕਸਟਮਰ ਕੇਅਰ ਐਗਜੀਕਿਊਟਿਵ ਦੇ ਕੋਰਸ ਕਰਵਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਨਾਲ ਵੀ ਕਰਮਵਾਰ 9729614121 ਅਤੇ 9418952167 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਪਰੋਕਤ ਤੋਂ ਇਲਾਵਾ ਇੱਕ ਕੇਂਦਰ ਪਿੰਡ ਪੋਵਾਤ (ਨੇੜੇ ਮਾਛੀਵਾੜਾ) ਦੇ ਸਰਕਾਰੀ ਹਾਈ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੀ ਸੈਂਟਮ ਲਰਨਿੰਗ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਇੰਟਰ ਸਟੋਰ ਪ੍ਰੋਮੋਟਰ ਅਤੇ ਫਰੰਟ ਆਫ਼ਿਸ ਐਸੋਸੀਏਟ ਦੇ ਕੋਰਸ ਕਰਾਏ ਜਾ ਰਹੇ ਹਨ। ਇਸ ਕੇਂਦਰ ਨੰਬਰ ਦਾ ਸੰਪਰਕ ਨੰਬਰ 9855382894 ਹੈ। ਸ੍ਰੀ ਅਗਰਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੇਂਦਰਾਂ ਨਾਲ ਸੰਪਰਕ ਕਰਕੇ ਇਥੋਂ ਬਿਲਕੁਲ ਮੁਫ਼ਤ ਕੋਰਸ ਕਰਕੇ ਆਪਣਾ ਭਵਿੱਖ ਸੰਵਾਰ ਸਕਦੇ ਹਨ। ਇਹ ਕੋਰਸ ਕਰਨ ਉਪਰੰਤ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋੜਵੰਦਾਂ ਨੂੰ ਨੌਕਰੀ ਪ੍ਰਾਪਤ ਕਰਨ ਵਿੱਚ ਜਾਂ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਿੱਚ ਬਣਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।