ਲੁਧਿਆਣਾ, 20 ਅਗਸਤ, 2017 : ਵਿਸ਼ਵ ਭਰ ਵਿੱਚ ਅੱਜ ਦੇ ਦਿਨ ਮਨਾਏ ਜਾਂਦੇ ਵਿਸ਼ਵ ਸ਼ਹਿਦ ਦਿਵਸ ਮੌਕੇ ਨਾਬਾਰਡ ਵੱਲੋਂ ਲੁਧਿਆਣਾ ਕਂੇਦਰੀ ਸਹਿਕਾਰੀ ਬੈਂਕ ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਨਾਬਾਰਡ ਦੇ ਸੀ. ਜੀ. ਐਮ. ਦੀਪਕ ਕੁਮਾਰ, ਡੀ. ਡੀ. ਐਮ. ਪਰਵੀਨ ਭਾਟੀਆ, ਐਲ ਡੀ ਐਮ ਲੀਡ ਬੈਂਕ ਅਨੂਪ ਸਿੰਘ ਚਾਵਲਾ, ਜ਼ਿਲ੍ਹਾ ਮੈਨੇਜਰ ਦਵਿੰਦਰਪਾਲ ਸਿੰਘ ਸ਼ਾਮਿਲ ਹੋਏ।
ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਉੱਦਮੀਆਂ ਅਤੇ ਐੱਨ. ਜੀ. ਓ. ਗਦਰੀ ਸ਼ਹੀਦ ਬਾਬਾ ਦੁੱਲਾ ਸਿੰਘ ਜਲਾਲਦੀਵਾਲ, ਕੋਰਡ ਐਨ. ਜੀ. ਓ. ਲੁਧਿਆਣਾ, ਗਲੋਬਲ ਸੈਲਫ ਹੈਲਪ ਗਰੁੱਪ ਅਤੇ ਕਿਸਾਨ ਕਲੱਬਾਂ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਦੀਪਕ ਕੁਮਾਰ ਨੇ ਸ਼ਹਿਦ ਦੀ ਮਨੁੱਖੀ ਸਰੀਰ ਲਈ ਮਹੱਤਤਾ, ਇਸ ਧੰਦੇ ਨਾਲ ਜੁੜ ਕੇ ਨਾਬਾਰਡ ਦੀ ਸਹਾਇਤਾ ਨਾਲ ਲਾਹੇਵੰਦ ਵਪਾਰ ਕਿਵੇਂ ਕੀਤਾ ਜਾਵੇ, ਵਰਗੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ।
ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ ਨੇ ਹਰ ਵਰਗ ਖਾਸ ਕਰਕੇ ਬਜ਼ੁਰਗਾਂ ਲਈ ਰਾਮਬਾਣ ਸਿੱਧ ਹੋਣ ਵਾਲੇ ਅੋਰਗੈਨਿਕ ਸ਼ਹਿਦ ਨੂੰ ਹਰ ਰਸੋਈ ਦੀ ਸ਼ਾਨ ਬਣਾਉਣ ਦਾ ਸੰਕਲਪ ਬਣਾਉਣ ਲਈ ਕਿਹਾ। ਪੀ. ਏ. ਯੂ. ਤੋਂ ਪਹੁੰਚੇ ਡਾ. ਪ੍ਰਦੀਪ ਛੁਨੇਜਾ ਨੇ ਸ਼ਹਿਦ ਤਿਆਰ ਕਰਨ ਦੀ ਵਿਧੀ, ਸੰਭਾਲ ਦੇ ਤਰੀਕੇ, ਗੁਣਵੱਤਾ ਅਤੇ ਉਦਪਾਦਨ ਦੀਆਂ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਸਹਿਤ ਦੱਸਿਆ। ਇਸ ਮੌਕੇ ਸਟਾਲ ਲਗਾ ਕੇ ਸ਼ਹਿਦ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਾਈ ਗਈ। ਆਖਿਰ ਵਿੱਚ ਨਾਬਾਰਡ ਦੇ ਡੀ. ਡੀ. ਐਮ. ਪ੍ਰਵੀਨ ਭਾਟੀਆ ਨੇ ਭਾਗ ਲੈ ਰਹੀਆਂ ਐਨ. ਜੀ. ਓਜ਼, ਕਿਸਾਂਨ ਕਲੱਬਾਂ ਦਾ ਪਹੁੰਚਣ ਲਈ ਧੰਨਵਾਦ ਕੀਤਾ।