ਲੁਧਿਆਣਾ, 20 ਅਗਸਤ, 2017 : ਵਿਧਾਨ ਸਭਾ ਹਲਕਾ ਲੁਧਿਆਣਾ (ਪੂਰਬੀ) ਦੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਉਸ ਵੇਲੇ ਇੱਕ ਹੋਰ ਕੜੀ ਜੁੜ ਗਈ, ਜਦੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਸਰਕਾਰੀ ਪ੍ਰਾਇਮਰੀ ਸਕੂਲ, ਸੈਕਟਰ-39 ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਸ੍ਰੀ ਸੰਜੇ ਤਲਵਾੜ, ਹੋਰ ਸੀਨੀਅਰ ਕਾਂਗਰਸੀ ਆਗੂ ਅਤੇ ਹਲਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਦੱਸਣਯੋਗ ਹੈ ਕਿ ਇਹ ਇਮਾਰਤ ਪੰਜਾਬ ਸਰਕਾਰ ਵੱਲੋਂ 1 ਕਰੋੜ 66 ਲੱਖ ਰੁਪਏ ਤੋਂ ਵਧੇਰੇ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਹੈ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਹ ਇਮਾਰਤ ਬਣਨ ਨਾਲ ਇਲਾਕੇ ਦੇ ਬੱਚਿਆਂ ਨੂੰ ਨੇੜੇ ਅਤੇ ਸਸਤੀ ਸਿੱਖਿਆ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਸਿੱਖਿਆ ਦਾ ਪਸਾਰ ਕਰਨ ਲਈ ਇਹ ਇਮਾਰਤ ਵੱਡਮੁੱਲਾ ਯੋਗਦਾਨ ਪਾਵੇਗੀ। ਇਸ ਇਮਾਰਤ ਦੇ ਬਣਨ ਨਾਲ ਇਲਾਕੇ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨੂੰ ਵਧੀਆ ਸਿੱਖਿਆ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਮਾਰਤ ਤੋਂ ਬਾਅਦ ਹਲਕੇ ਦੀਆਂ ਹੋਰ ਸਰਕਾਰੀ ਸਕੂਲਾਂ ਦੀ ਵੀ ਕਾਇਆ ਕਲਪ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਹਲਕੇ ਦੇ ਵਿਕਾਸ ਲਈ ਕੰਮ ਕਰਨਗੇ ਅਤੇ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਨੀਰੂ ਕਤਿਆਲ ਏ ਸੀ ਏ ਗਲਾਡਾ, ਬਲਵਿੰਦਰ ਸਿੰਘਐਸ ਈ ਗਲਾਡਾ, ਜਸਪ੍ਰੀਤ ਕੌਰ ਡੀ ਈ ਓ (ਪ੍ਰਾਇਮਰੀ), ਕੁਲਦੀਪ ਸਿੰਘ ਏ ਡੀ ਈ ਓ (ਪ੍ਰਾਇਮਰੀ), ਲੀਨਾ ਟਪਾਰੀਆ, ਪਵਨ ਮਹਿਤਾ, ਰਾਜੂ ਅਰੋੜਾ, ਦੀਪਕ ਉਪਲ, ਵਨੀਤ ਭਾਟੀਆ, ਰਾਕੇਸ਼ ਪਰਾਸ਼ਰ, ਕੌਸਲਰ ਵਰਿੰਦਰ ਸਹਿਗਲ, ਕੌਸਲਰ ਹਰਜਿੰਦਰ ਲਾਲੀ, ਕੌਸਲਰ ਗੁਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾਵਾਸੀ ਹਾਜ਼ਰ ਸਨ।