ਜੀ ਐੱਸ ਪੰਨੂ
ਪਟਿਆਲਾ, 16 ਅਗਸਤ 2017 : ਕਈ ਗੰਭੀਰ ਮਾਮਲਿਆਂ ਨੂੰ ਸੁਲਝਾਉਣ ਅਤੇ ਨਾਮੀ ਗੈਂਗਸਟਰਾਂ ਤੇ ਗਿਰੋਹਾਂ ਨੂੰ ਕਾਬੂ ਕਰਨ ਵਾਲੇ ਐਸ.ਪੀ. ਇੰਨਵੈਸਟੀਗੇਸ਼ਨ ਸ: ਹਰਵਿੰਦਰ ਸਿੰਘ ਵਿਰਕ ਅਤੇ ਜਾਂਬਾਜ਼ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਪੁਲਿਸ ਦੇ ਇਹਨਾਂ ਦੋਵਾਂ ਅਧਿਕਾਰੀਆਂ ਨੂੰ ਗੁਰਦਾਸਪੁਰ ਵਿਖੇ ਆਜ਼ਾਦੀ ਦਿਵਸ ਦੇ ਅਵਸਰ 'ਤੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਐਵਾਰਡ ਨਾਲ ਸਨਮਾਨਿਆ।
ਐਸ. ਪੀ. ਵਿਰਕ ਨੇ ਪਿਛਲੇ ਸਮੇਂ ਦੌਰਾਨ ਕਈ ਨਾਮੀ ਤੇ ਸਰਗਰਮ ਗਿਰੋਹਾਂ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਨਾਭਾ ਜੇਲ ਬਰੇਕ ਮਾਮਲੇ ਵਿੱਚ ਵੀ ਐਸ. ਪੀ. ਵਿਰਕ ਨੇ ਕਾਫੀ ਮੁਸ਼ਤੈਦੀ ਨਾਲ ਕੰਮ ਕੀਤਾ ਸੀ। ਇਸੇ ਤਰਾ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਵੀ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ਼ਮਿੰਦਰ ਸਿੰਘ ਨੇ ਬਹੁ ਕਰੋੜੀ ਸਿੰਥੈਟਿਕ ਡਰੱਗ ਰੈਕਟ ਤੋਂ ਲੈ ਕੇ ਨਾਭਾ ਜੇਲ ਬ੍ਰੇਕ ਮਾਮਲੇ ਨੂੰ ਹੱਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਹਨਾਂ ਦੋਵਾਂ ਅਧਿਕਾਰੀਆਂ ਦੀਆਂ ਸ਼ਾਨਦਾਰ ਪੁਲਿਸ ਸੇਵਾਵਾਂ ਕਾਰਨ ਉਨਾਂ ਨੂੰ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।