ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 13 ਅਗਸਤ, 2017 : ਭਾਰਤ ਦੇ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਸਥਾਨਕ ਨਹਿਰੂ ਸਟੇਡੀਅਮ ਵਿਖੇ 15 ਅਗਸਤ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਕੌਮੀ ਝੰਡਾ ਲਹਿਰਾਉਣਗੇ। ਉਨ੍ਹਾਂ ਵੱਲੋਂ ਆਜ਼ਾਦੀ ਦਿਵਸ ਮੌਕੇ ਇਲਾਕਾ ਨਿਵਾਸੀਆਂ ਦੇ ਨਾਂ ਸੰਦੇਸ਼ ਵੀ ਦਿੱਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਜੀਵ ਪਰਾਸ਼ਰ ਵੱਲੋਂ ਦਿੱਤੀ ਗਈ।
ਇਸੇ ਦੌਰਾਨ ਅੱਜ ਆਜ਼ਾਦੀ ਦਿਵਸ ਸਮਾਗਮ ਸਬੰਧੀ ਫੁੱਲ ਡਰੈਸ ਰਿਹਰਸਲ ਕੀਤੀ ਗਈ ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਵੱਲੋ ਬਤੌਰ ਮੁੱਖ ਮਹਿਮਾਨ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਉਪਰੰਤ ਡੀ. ਐਸ.ਪੀ ਸੁਖਦੇਵ ਸਿੰਘ ਬਰਾੜ ਦੀ ਅਗਵਾਈ ਵਿਚ ਬੀ.ਐਸ.ਐਫ, ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ ਤੋਂ ਇਲਾਵਾ ਐਨ.ਸੀ.ਸੀ ਅਤੇ ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ।
ਅਕਾਲ ਅਕੈਡਮੀ ਜੰਡ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ ਵੱਲੋ ਗੱਤਕਾ, ਵਿਸ਼ਵਕਰਮਾ ਸਰਕਾਰੀ ਸੀਨੀਅਰ.ਸੈਕੰਡਰੀ.ਸਕੂਲ, ਸਰਕਾਰੀ ਬਲਬੀਰ ਸੀ: ਸੈ: ਸਕੂਲ, ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ ) ਸਕੂਲ, ਬਾਬਾ ਫਰੀਦ ਪਬਲਿਕ ਸਕੂਲ, ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਅਤੇ ਸਭਿਆਚਾਰਕ ਗੀਤਾਂ ਤੇ ਕੋਰਿਓਗ੍ਰਾਫ਼ੀ ਪੇਸ਼ ਕੀਤੀ ਗਈ। ਦਿੱਲੀ ਇੰਟਰਨੈਸ਼ਨ ਸਕੂਲ, ਫਰੀਦਕੋਟ ਵੱਲੋਂ ਰਾਜਸਥਾਨੀ ਨਾਚ, ਐਸ.ਬੀ.ਆਰ.ਐਸ ਸਕੂਲ ਘੁੱਦੂਵਾਲਾ ਗਿੱਧਾ ਅਤੇ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਵੱਲੋਂ ਭੰਗੜਾ ਪੇਸ਼ ਕੀਤਾ ਗਿਆ। ਸੇਂਟ ਮੈਰੀ ਕਾਨਵੈਂਟ ਸਕੂਲ, ਫਰੀਦਕੋਟ ਵੱਲੋਂ ਰਾਸ਼ਟਰੀ ਗਾਣ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ) ਸ੍ਰੀਮਤੀ ਮਧੂਮੀਤ ਕੌਰ, ਐਸ.ਡੀ.ਐਮ ਸ. ਗੁਰਜੀਤ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਸ. ਜਗਜੀਤ ਸਿੰਘ ਜੌਹਲ, ਐਸ. ਪੀ. (ਹੈਡ:) ਸ. ਬਹਾਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈ:) ਸ੍ਰੀਮਤੀ ਬਲਜੀਤ ਕੌਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ. ਜਗਜੀਤ ਸਿੰਘ ਚਾਹਲ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਜੱਸੀ ਤੇ ਹੋਰ ਹਾਜ਼ਰ ਸਨ।