ਲੁਧਿਆਣਾ, 12 ਅਗਸਤ, 2017 : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਫੈਸਲੇ ਅਨੁਸਾਰ ਹਰੇਕ ਘਰ ਵਿੱਚ ਨੌਕਰੀ ਦੇਣ ਨੂੰ ਅਮਲੀ ਜਾਮਾ ਪਹਿਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਰੋਜ਼ਗਾਰ ਮੇਲੇ ਲਗਾ ਕੇ ਬੇਰੁਜ਼ਗਾਰਾਂ ਨੂੰ ਨੌਕਰੀ ਲਈ ਇੰਨਰੋਲ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਗਿੱਲ ਰੋਡ ਲੁਧਿਆਣਾ ਵਿਖੇ ਮਿਤੀ 25 ਅਗਸਤ ਦਿਨ ਸ਼ੁੱਕਰਵਾਰ ਨੂੰ ਰਾਜ ਪੱੱਧਰੀ 'ਮੈਗਾ ਜਾੱਬ ਫੇਅਰ' ਲਗਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ (ਪੱਛਮੀ) ਦੇ ਵਿਧਾਇਕ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਦਾ ਉਦਘਾਟਨ ਸਵੇੇਰੇ 11.00 ਵਜੇ ਸ੍ਰ. ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਕਰਨਗੇ। ਇਸ ਮੇਲੇ ਵਿੱਚ ਦੇਸ਼ ਦੀਆਂ ਪ੍ਰਸਿੱਧ ਵੱਡੀਆਂ ਅਤੇ ਛੋਟੀਆਂ ਕੰਪਨੀਆਂ ਬੇਰੁਜ਼ਗਾਰ ਆਈ.ਟੀ.ਆਈ. ਪਾਸ ਉਮੀਦਵਾਰਾਂ ਦੀ ਇੰਟਰਵਿਊ ਲੈਣ ਲਈ ਪਹੁੰਚਣਗੀਆਂ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਕੰਪਨੀਆਂ ਵੱੱਖ-ਵੱਖ ਸਕਿੱਲ (ਜਿਵੇਂ ਕਿ ਫਿਟਰ, ਮਸ਼ੀਨਿਸ਼ਟ, ਟਰਨਰ, ਮੋਟਰ ਮਕੈਨਿਕ ਵਹੀਕਲ, ਵੈਲਡਰ, ਪਲੰਬਰ, ਟ੍ਰੈਕਟਰ ਮਕੈਨਿਕ, ਡੀਜ਼ਲ ਮਕੈਨਿਕ, ਡਰਾਫਟਸਮੈਨ ਸਿਵਲ ਅਤੇ ਮਕੈਨੀਕਲ, ਇਲੈਕਟ੍ਰੀਸ਼ਨ, ਰੈਫ੍ਰੀਜਰੇਸ਼ਨ ਅਤੇ ਏਅਰ ਕੰਡੀਸ਼ਨ, ਸਿਲਾਈ ਕਟਾਈ, ਕੰਪਿਊਟਰ ਆਦਿ ਹਰ ਟ੍ਰੇਡ ਦੇ ਸਿਖਿਆਰਥੀ ਦੀ ਸਕਿਲ) ਵਿੱਚ 4000 ਤੋਂ ਵੱਧ ਉਮੀਦਵਾਰਾਂ ਦੀ ਚੋਣ ਕਰਨਗੀਆਂ। ਮੇਲੇ ਵਿੱਚ ਪੰਜਾਬ ਦੀਆਂ ਵੱਖ-ਵੱਖ ਉਦਯੋਗਿਕ ਸਿਖ਼ਲਾਈ ਸੰਸਥਾਵਾਂ ਵਿੱਚੋਂ ਵੱਖ-ਵੱਖ ਟਰੇਡਾਂ ਦੇ ਤਕਰੀਬਨ 5000 ਸਿਖਿਆਰਥੀਆਂ ਨੌਕਰੀ ਪ੍ਰਾਪਤ ਕਰਨ ਲਈ ਹਾਜ਼ਰ ਹੋਣਗੇ।
ਉਨ੍ਹਾਂ ਕਿਹਾ ਕਿ ਸਮੂਹ ਕੰਪਨੀਆਂ ਅਤੇ ਬੇਰੁਜ਼ਗਾਰ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਆਪਣੇ ਆਪ ਨੂੰ ਪੋਰਟਲ (www.dtepunjab.{ov.}n and www.{{npunjab.com) 'ਤੇ ਜਾ ਕੇ ਘਰ-ਘਰ ਨੌਕਰੀ ਦੇ ਲਿੰਕ ਨੂੰ ਕਲਿੱਕ ਕਰਕੇ ਰਜਿਸਟਰਡ ਕਰਨਗੇ ਅਤੇ ਲਾਗ ਇੰਨ ਕਰਕੇ ਆਪਣਾ ਨਿੱਜੀ ਡਾਟਾ ਭਰਨਗੇ। ਇਸ ਮੌਕੇ ਲੁਧਿਆਣਾ ਨਾਲ ਸੰਬੰਧਤ ਕਈ ਸਨਅਤੀ ਸਖ਼ਸ਼ੀਅਤਾਂ ਵੀ ਹਾਜ਼ਰ ਹੋਣਗੀਆਂ।