ਐਸ.ਏ.ਐਸ. ਨਗਰ, 12 ਅਗਸਤ, 2017 : ਮਿਉਂਸਪਲ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਦੀ ਅਗਵਾਈ ਵਿੱਚ ਗਰਲਜ਼ ਰਾਈਜ਼ ਫਾਰ ਮੁਹਾਲੀ ਵੱਲੋਂ ਇੱਥੇ ਫੇਜ਼ 11 ਵਿੱਚ ਤੀਆਂ ਦਾ ਤਿਉਹਾਰ ਵੱਖਰੇ ਅੰਦਾਜ਼ ਨਾਲ ਮਨਾਇਆ ਗਿਆ।
ਪ੍ਰੋਗਰਾਮ ਮੌਕੇ ਸੁਆਣੀਆਂ ਨੇ ਗਿੱਧੇ ਪਾਉਣ ਦੇ ਨਾਲ-ਨਾਲ ਔਰਤਾਂ ਉਪਰ ਜ਼ਬਰ ਖਿਲਾਫ ਕਵਿਤਾਵਾਂ ਵੀ ਸੁਣੀਆਂ। ਸੰਸਥਾ ਵੱਲੋਂ ਤੀਆਂ ਦੇ ਮੇਲੇ ਦਾ ਮੁੱਖ ਮੁੱਦਾ 'ਚੁੱਪੀ ਤੋੜੋ' ਰੱਖਿਆ ਗਿਆ ਸੀ ਜਿਸ ਵਿੱਚ ਔਰਤਾਂ ਨੂੰ ਜ਼ੁਲਮਾਂ ਖਿਲਾਫ ਚੁੱਪੀ ਤੋੜਨ ਦਾ ਸੱਦਾ ਦਿੱਤਾ ਗਿਆ।
ਪ੍ਰੋਗਰਾਮ ਮੌਕੇ ਬੋਲਦਿਆਂ ਸੰਸਥਾ ਗਰਲਜ਼ ਰਾਈਜ਼ ਫਾਰ ਮੁਹਾਲੀ ਦੀ ਕਨਵੀਨਰ ਬੀਬੀ ਉਪਿੰਦਰ ਪ੍ਰੀਤ ਕੌੌਰ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਔਰਤਾਂ ਉਪਰ ਜ਼ਬਰ, ਜ਼ੁਲਮ ਵਧ ਰਿਹਾ ਹੈ ਅਤੇ ਔਰਤਾਂ ਨੂੰ ਪੁਰਾਣੇ ਸਮਿਆਂ ਵਾਂਗ ਦਾਬੇ ਥੱਲੇ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਕਿਸੇ ਸਮਾਜ ਦੇ ਚਰਿੱਤਰ ਦਾ ਉਸ ਸਮਾਜ ਵਿੱਚ ਔਰਤਾਂ ਦੀ ਸਥਿਤੀ ਤੋਂ ਪਤਾ ਲਗਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਔਰਤਾਂ ਉਪਰ ਹੋ ਰਹੇ ਜ਼ੁਲਮਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੋ ਗਿਆ ਹੈ। ਉਨਾਂ ਵੱਖ ਵੱਖ ਥਾਵਾਂ 'ਤੇ ਔਰਤਾਂ ਨਾਲ ਛੇੜਛਾੜ ਦੀਆਂ ਹੋਈਆਂ ਘਟਨਾਵਾਂ ਦੀ ਆਲੋਚਨਾ ਕਰਦਿਆਂ ਔਰਤਾਂ ਨੂੰ ਜ਼ੁਲਮ ਖਿਲਾਫ ਚੁੱਪੀ ਤੋੜਨ ਦਾ ਸੱਦਾ ਦਿੱਤਾ।
ਉਹਨਾਂ ਕਿਹਾ ਕਿ ਜਦੋਂ ਤੱਕ ਔਰਤਾਂ ਆਪਣੇ ਹੱਕਾਂ ਲਈ ਸੁਚੇਤ ਨਹੀਂ ਹੁੰਦੀਆਂ ਉਦੋਂ ਤੱਕ ਨਾ ਤਾਂ ਇਹ ਘਟਨਾਵਾਂ ਰੁਕਣਗੀਆਂ ਨਾਂ ਹੀ ਔਰਤਾਂ 'ਤੇ ਹੁੰਦੇ ਜ਼ੁਲਮ। ਉਹਨਾਂ ਕਿਹਾ ਕਿ 21ਵੀਂ ਸਦੀ ਵਿੱਚ ਔਰਤਾਂ ਮਰਦਾਂ ਨਾਲੋਂ ਕਿਸੇ ਪੱਖੋਂ ਘੱਟ ਨਹੀਂ।
ਇਸ ਮੌਕੇ ਕਵਿੱਤਰੀ ਐਮੀ ਸਿੰਘ ਅਤੇ ਗੁਰਸ਼ਿਬਾ ਗਿੱਲ ਨੇ ਆਪਣੇ ਖਾਸ ਅੰਦਾਜ਼ ਵਿੱਚ ਕਵਿਤਾਵਾਂ ਸੁਣਾ ਕੇ ਕਾਵਿਕ ਰੰਗ ਬੰਨ੍ਹਿਆ ਜਿਸ ਨੂੰ ਸੁਆਣੀਆਂ ਨੇ ਖੂਬ ਪਸੰਦ ਕੀਤਾ। ਇਹਨਾਂ ਕਵਿੱਤਰੀਆਂ ਨੇ ਮੌਜੂਦਾ ਸਮੇਂ ਅੰਦਰ ਔਰਤ ਦੀ ਹੋਣੀ ਪ੍ਰਤੀ ਹਾਜ਼ਰੀਨਾਂ ਨੂੰ ਸੁਚੇਤ ਕੀਤਾ ਅਤੇ ਸਹੀ ਦਿਸ਼ਾ 'ਚ ਅੱਗੇ ਵਧਣ ਦਾ ਸੱਦਾ ਦਿੱਤਾ।
ਮੇਲੇ ਦੌਰਾਨ ਵੱਖ ਵੱਖ ਮੁਕਾਬਲਿਆਂ ਦੌਰਾਨ 'ਤੀਜ ਕੁਈਨ' 'ਮਿਸ ਤੀਜ', 'ਬਾਲੜੀ ਤੀਆਂ ਦੀ' ਆਦਿ ਸਨਮਾਨ ਦਿੱਤੇ ਗਏ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਉਪ ਪ੍ਰਧਾਨ ਬੀਬੀ ਸੁਰਜੀਤ ਕੌਰ ਨੇ ਆਈਆਂ ਮੇਲਣਾਂ ਦਾ ਧੰਨਵਾਦ ਕੀਤਾ।
ਮੇਲੇ ਵਿੱਚ ਜਿੱਥੇ ਬਹੁਤ ਸਾਰੀਆਂ ਔਰਤਾਂ ਨੇ ਮਹਿੰਦੀ ਲਗਾਈ ਉੱਥੇ ਖਾਣ ਪੀਣ ਦੀਆਂ ਸਟਾਲਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।