ਵਿਜੇਪਾਲ ਬਰਾੜ
ਚੰਡੀਗੜ੍ਹ, 2 ਅਗਸਤ, 2017 : ਮਹਿਲਾ ਵਿਸ਼ਵ ਕ੍ਰਿਕਟ ਕੱਪ ਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੀ ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਭਰਤੀ ਕਰਨ ਦੀ ਪ੍ਰਕਿਰਿਆ ਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦੇ ਦਿੱਤੀ ਹੈ । ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੀ ਹਰਮਨਪ੍ਰੀਤ ਨੂੰ ਵਿਸ਼ਵ ਕੱਪ ਚ ਉਸਦੇ ਬਿਹਤਰੀਨ ਪ੍ਰਦਰਸ਼ਨ ਦੀ ਸ਼ਾਬਾਸ਼ੀ ਦਿੰਦਿਆ ਮੁੱਖਮੰਤਰੀ ਨੇ ਮੌਕੇ ਤੇ ਮੌਜੂਦ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਹਰਮਨਪ੍ਰੀਤ ਨੂੰ ਡੀ.ਐਸ.ਪੀ ਭਰਤੀ ਕਰਨ ਦੀ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ।
ਮੁੱਖ ਮੰਤਰੀ ਵੱਲੋਂ ਿੲਸ ਮੌਕੇ ਹਰਮਨਪ੍ਰੀਤ ਨੂੰ 5 ਲੱਖ ਰੁਪਏ ਦੀ ਨਗਦ ਿੲਨਾਮ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ । ਮੁੱਖਮੰਤਰੀ ਨੇ ਹਰਮਨਪ੍ਰੀਤ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਹਰਮਨਪ੍ਰੀਤ ਨੇ ਆਪਣੇ ਪ੍ਰਦਰਸ਼ਨ ਨਾਲ ਵਿਦੇਸ਼ਾ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤੇ ਉਸਨੂੰ ਆਪਣੇ ਅੱਗੇ ਦੀ ਖੇਡ ਚ ਹੋਰ ਬਿਹਤਰ ਪ੍ਰਦਰਸ਼ਨ ਲਈ ਸਰਕਾਰ ਵੱਲੋਂ ਕਿਸੇ ਵੀ ਤਰਾਂ ਦੀ ਸਹਾਇਤਾ ਦੀ ਜਰੂਰਤ ਹੋਏਗੀ, ਸਰਕਾਰ ਉਸਦੀ ਹਰ ਤਰਾਂ ਸਹਾਇਤਾ ਕਰੇਗੀ । ਗੌਰਤਲਬ ਹੈ ਕਿ ਹਰਮਨਪ੍ਰੀਤ ਵੱਲੋਂ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਵਿੱਚ 115 ਬਾਲਾਂ ਤੇ 175 ਨਾਟ ਆਊਟ ਦਾ ਸ਼ਾਨਦਾਰ ਸਕੌਰ ਖੜਾ ਕਰ ਭਾਰਤ ਨੂੰ ਜਿੱਤ ਦਿਲਵਾਈ ਗਈ ਸੀ ਜਿਸਤੋਂ ਬਾਅਦ ਉਸਦੀ ਚਰਚਾ ਵਿਸ਼ਵ ਪੱਧਰ ਤੇ ਹੋ ਰਹੀ ਹੈ ।