ਪਟਿਆਲਾ, 1 ਅਗਸਤ, 2017 : ਪੰਜਾਬ ਦੇ 5 ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫਤਹਿਗੜ੍ਹ ਸਾਹਿਬ ਦੇ ਨੌਜਵਾਨ ਦੀ ਫੌਜ ਵਿੱਚ ਭਰਤੀ ਦੀ ਪ੍ਰਕ੍ਰਿਆ ਅੱਜ ਪਟਿਆਲਾ ਦੇ ਫਲਾਇੰਗ ਕਲੱਬ ਸਾਹਮਣੇ ਆਰੰਭ ਹੋਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਡਿਪਟੀ ਡਾਇਰੈਕਟਰ ਜਨਰਲ ਭਰਤੀ ਬ੍ਰਗੇਡੀਅਰ ਜੇ.ਐਸ. ਸਮਿਆਲ ਨੇ ਦੱਸਿਆ ਕਿ 11 ਅਗਸਤ ਤੱਕ ਚੱਲਣ ਵਾਲੀ ਇਸ ਭਰਤੀ ਰੈਲੀ ਵਿੱਚ 29 ਅਕਤੂਬਰ ਨੂੰ ਹੋਣ ਵਾਲੀ ਲਿਖਤੀ ਪ੍ਰੀਖਿਆ ਲਈ ਪੰਜਾਬ ਦੇ 5 ਜ਼ਿਲ੍ਹਿਆਂ ਦੇ 32 ਹਜਾਰ ਦੇ ਕਰੀਬ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਭਰਤੀ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਫੌਜ ਦੇ ਡਾਇਰੈਕਟਰ ਭਰਤੀ ਪੰਜਾਬ ਅਤੇ ਜੰਮੂ ਕਸ਼ਮੀਰ ਕਰਨਲ ਅਨਿਲ ਐਮ ਵਰਗੀਜ ਨੇ ਦੱਸਿਆ ਕਿ ਭਰਤੀ ਰੈਲੀ ਦੇ ਅੱਜ ਪਹਿਲੇ ਦਿਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 2152 ਉਮੀਦਵਾਰਾਂ ਸਰੀਰਕ ਫਿਟਨੈਸ ਪ੍ਰੀਖਿਆ ਵਿੱਚ ਸਫਲ ਰਹੇ। ਉਹਨਾਂ ਦੱਸਿਆ ਕਿ ਇਹ ਭਰਤੀ ਰੈਲੀ 11 ਅਗਸਤ ਤੱਕ ਚੱਲੇਗੀ। ਉਹਨਾਂ ਦੱਸਿਆ ਕਿ ਭਰਤੀ ਰੈਲੀ ਦੇ ਅੱਜ ਪਹਿਲੇ ਦਿਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਦੇ ਉਮੀਦਵਾਰਾਂ ਦੀ ਫਿਜੀਕਲ ਫਿਟਨੈਸ ਪ੍ਰੀਖਿਆ ਲਈ ਗਈ।
ਉਹਨਾਂ ਦੱਸਿਆ ਕਿ 2 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਨਾਭਾ, ਰਾਜਪੁਰਾ ਤੇ ਪਾਤੜਾਂ, 3 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਸਮਾਣਾ ਤੇ ਪਟਿਆਲਾ, 4 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਤੇ ਧੂਰੀ, 5 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਤੇ ਸੰਗਰੂਰ, 6 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਤੇ ਮੂਣਕ, 7 ਅਗਸਤ ਨੂੰ ਬਰਨਾਲਾ ਅਤੇ ਤਪਾ, 8 ਅਗਸਤ ਨੂੰ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਤੇ ਮਾਨਸਾ ਅਤੇ 9 ਅਗਸਤ ਨੂੰ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦੇ ਉਮੀਦਵਾਰਾਂ ਦਾ ਸਰੀਰਕ ਫਿਟਨੈਸ ਟੈਸਟ ਹੋਵੇਗਾ।
ਡਾਇਰੈਕਟਰ ਭਰਤੀ ਕਰਨਲ ਵਰਗੀਜ ਨੇ ਦੱਸਿਆ ਕਿ ਰੈਲੀ ਵਿੱਚ ਉਮੀਦਵਾਰਾਂ ਦੀ ਵੱਧ ਗਿਣਤੀ ਨੂੰ ਵੇਖਦੇ ਹੋਏ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਟਰੈਫਿਕ ਕੰਟਰੋਲ, ਮੈਡੀਕਲ ਸਹੂਲਤ ਤੇ ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।