ਚੰਡੀਗੜ੍ਹ, 27 ਜੁਲਾਈ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੀ ਕਾਰਜ ਸ਼ੈਲੀ ਦੀ ਤੁਲਨਾ ਅਜਿਹੀ ਨੁਕਸਦਾਰ ਮਸ਼ੀਨਰੀ ਨਾਲ ਕੀਤੀ ਹੈ, ਜਿਹੜੀ ਸ਼ੋਰ ਬਹੁਤ ਜ਼ਿਆਦਾ ਕਰਦੀ ਹੈ, ਪਰ ਜਿਸ ਦੀ ਕਾਰਗੁਜ਼ਾਰੀ ਬੇਹੱਦ ਮਾੜੀ ਹੁੰਦੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਿੱਧੂ ਦੀ ਆਪਣੀ ਹਾਲਤ ਵੀ ਉਹਨਾਂ ਨੁਕਸਦਾਰ ਫਾਇਰ ਵਾਹਨਾਂ ਵਰਗੀ ਹੈ, ਜਿਹੜੇ ਉਸ ਵੱਲੋ ਮੰਗਲਵਾਰ ਨੂੰ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਲਾਂਚ ਕੀਤੇ ਗਏ ਸਨ। ਪਰੰਤੂ ਇਹਨਾਂ ਫਾਇਰ ਵਾਹਨਾਂ ਨੇ ਅਗਲੇ ਹੀ ਦਿਨ ਅੱਗ ਬੁਝਾਉਣ ਦੀ ਥਾਂ ਧੂੰਆਂ ਛੱਡਣਾ ਸ਼ੁਰੂ ਕਰ ਦਿਤਾ ਹੈ।
ਅਕਾਲੀ ਆਗੂ ਨੇ ਇਹਨਾਂ ਫਾਇਰ ਵਾਹਨਾਂ ਦੇ ਨਿਰਮਾਣ ਉੱਤੇ ਉਂਗਲ ਉਠਾਉਂਦਿਆਂ ਕਿਹਾ ਕਿ ਕੀ ਇਹ ਫਾਇਰ ਵਾਹਨ ਨਵੇਂ ਬਣਾਏ ਗਏ ਸਨ ਜਾਂ ਫਿਰ ਸਿੱਧੂ ਨੇ ਜਲਦੀ ਕੰਮ ਨਿਪਟਾਉਣ ਦੀ ਕਾਹਲ ਵਿਚ ਪੁਰਾਣੇ ਵਾਹਨਾਂ ਨੂੰ ਰੰਗ ਰੋਗਨ ਮਰਵਾ ਕੇ ਮੀਡੀਆ ਸਾਹਮਣੇ ਪੇਸ਼ ਕਰ ਦਿੱਤਾ ਸੀ? ਉਹਨਾਂ ਕਿਹਾ ਕਿ ਅਜਿਹੀ ਕਾਹਲ ਕਿਸੇ ਕੰਮ ਦੀ ਨਹੀਂ ਹੁੰਦੀ , ਜਿਹੜੇ ਦੂਜਿਆਂ ਦਾ ਫਾਇਦਾ ਕਰਨ ਦੀ ਥਾਂ ਉਲਟਾ ਨੁਕਸਾਨ ਕਰਦੀ ਹੋਵੇ। ਉਹਨਾਂ ਕਿਹਾ ਕਿ ਸਿੱਧੂ ਵੱਲੋਂ ਅੱਗ ਬੁਝਾਓ ਮਸ਼ੀਨਰੀ ਤਿਆਰ ਕਰਵਾਉਣ ਸਮੇਂ ਵਰਤੀ ਗਈ ਅਜਿਹੀ ਲਾਪਰਵਾਹੀ ਬਹੁਤ ਸਾਰੇ ਲੋਕਾਂ ਵਾਸਤੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇੱਕ ਮੰਤਰੀ ਪਦ ਉੱਤੇ ਬੈਠੇ ਵਿਅਕਤੀ ਕੋਲੋਂ ਅਜਿਹੀ ਗੈਰ ਜ਼ਿੰਮੇਵਾਰਾਨਾ ਹਰਕਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਲੋਕਾਂ ਵਿਚ ਆਪਣੇ ਕਾਮੇਡੀ ਸਰਕਸ ਵਾਲੇ ਵਿਵਹਾਰ ਲਈ ਜਾਣਿਆ ਜਾਂਦਾ ਹੈ। ਉਹ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਗੰਭੀਰ ਮੁੱਦਿਆਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਂਦਾ। ਉਹ ਸਿਰਫ ਇੱਕੋ ਕੰਮ ਗੰਭੀਰਤਾ ਨਾਲ ਕਰਦਾ ਹੈ- ਉਹ ਹੈ ਰੌਲਾ ਪਾਉਣਾ। ਕੱਲ੍ਹ ਫਾਇਰ ਵਾਹਨਾਂ ਨੂੰ ਲਾਂਚ ਕਰਦੇ ਸਮੇਂ ਸਿੱਧੂ ਨੇ ਜਿੰਨਾ ਰੌਲਾ ਪਾਇਆ ਸੀ, ਅੱਜ ਉਸ ਤੋਂ ਵੱਧ ਰੌਲਾ ਨੁਕਸਦਾਰ ਫਾਇਰ ਵਾਹਨਾਂ ਬਾਰੇ ਪੈ ਰਿਹਾ ਹੈ।
ਅਕਾਲੀ ਆਗੂ ਨੇ ਸਿੱਧੂ ਵੱਲੋਂ ਮੰਗਲਵਾਰ ਨੂੰ ਫਾਇਰ ਵਾਹਨਾਂ ਨੂੰ ਦਿਖਾਈ ਹਰੀ ਝੰਡੀ ਮੌਕੇ ਆਪ ਵਿਧਾਇਕ ਦਲ ਦੇ ਡਿਪਟੀ ਆਗੂ ਅਮਨ ਅਰੌੜਾ ਦੀ ਮੌਜੂਦਗੀ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸਭ ਕੁੱਝ ਸਪੱਸ਼ਟ ਹੋ ਗਿਆ ਹੈ। ਸਿੱਧੂ ਅਤੇ ਅਰੋੜਾ ਦੀ ਦੋਸਤੀ ਨੇ ਸਾਬਿਤ ਕਰ ਦਿੱਤਾ ਹੈ ਕਿ ਆਪ ਕਾਂਗਰਸ ਦੀ ਬੀ ਟੀਮ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਪਹਿਲਾ ਕਾਂਗਰਸ ਨੇ ਦਿੱਲੀ ਵਿਚ ਆਪ ਦੀ ਸਰਕਾਰ ਬਣਾਉਣ ਵਿਚ ਮੱਦਦ ਕੀਤੀ ਸੀ। ਫਿਰ ਰਾਸ਼ਟਰਪਤੀ ਦੀ ਚੋਣ ਵਿਚ ਮੀਰਾ ਕੁਮਾਰ ਨੂੰ ਵੋਟਾਂ ਪਾ ਕੇ ਆਪ ਨੇ ਕਾਂਗਰਸ ਦਾ ਮੁੱਲ ਮੋੜਿਆ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਸੀਂ ਆਪ ਤੋਂ ਕਦੇ ਉਮੀਦ ਨਹੀਂ ਕਰ ਸਕਦੇ ਕਿ ਉੁਹ ਕਿਸਾਨਾਂ ਦੇ ਕਰਜ਼ੇ ਮੁਆਫ ਕਰਵਾਉਣ ਅਤੇ ਦੂਜੇ ਵਾਅਦੇ ਪੂਰੇ ਕਰਵਾਉਣ ਲਈ ਕਾਂਗਰਸ ਉੱਤੇ ਦਬਾਅ ਬਣਾਵੇਗੀ। ਇਹ ਕੰਮ ਸਿਰਫ ਅਕਾਲੀ-ਭਾਜਪਾ ਗਠਜੋੜ ਹੀ ਕਰ ਸਕਦਾ ਹੈ। ਜਦ ਤਕ ਕਾਂਗਰਸ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਨਹੀਂ ਕਰਦੀ, ਅਕਾਲੀ-ਭਾਜਪਾ ਉਸ ਨੂੰ ਚੈਨ ਦਾ ਸਾਹ ਨਹੀਂ ਲੈਣ ਦੇਣਗੇ।