← ਪਿਛੇ ਪਰਤੋ
ਪਟਿਆਲਾ, 26 ਜੁਲਾਈ, 2017 : ਮੋਟਰ ਗੱਡੀਆਂ ਵਲੋਂ ਫੈਲਾਏ ਜਾਂਦੇ ਸ਼ੋਰ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਿਛਲੇ ਦਸ ਦਿਨਾਂ ਦੌਰਾਨ ਤਕਰੀਬਨ 2000 ਬੱਸਾਂ ਤੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਪ੍ਰੈਸ਼ਰ ਹਾਰਨ ਅਤੇ ਬੱਸਾਂ ਅੰਦਰ ਵੱਜਦੇ ਗਾਣਿਆਂ ਦੇ ਸਿਸਟਮ ਲੁਹਾ ਦਿੱਤੇ ਹਨ। ਬੋਰਡ ਵਲੋਂ ਬਣਾਈਆਂ ਗਈਆਂ 100 ਟੀਮਾਂ ਨੇ ਟ੍ਰੈਫਿਕ ਪੁਲੀਸ ਨੂੰ ਨਾਲ ਲੈ ਕੇ ਸੂਬੇ ਦੀਆਂ ਪ੍ਰਮੁੱਖ ਸੜਕਾਂ ਉੱਤੇ ਨਾਕੇ ਲਾਕੇ ਸਰਕਾਰੀ, ਪ੍ਰਾਈਵੇਟ ਅਤੇ ਸਕੂਲ ਬੱਸਾਂ ਦੀ ਚੈਕਿੰਗ ਕਰ ਕੇ ਪ੍ਰੈਸ਼ਰ ਹਾਰਨ ਲੁਹਾਉਣ ਦੇ ਨਾਲ^ਨਾਲ ਮੋਟਰ ਵਹੀਕਲ ਐਕਟ ਅਧੀਨ ਡਰਾਈਵਰਾਂ ਦੇ ਚਲਾਨ ਵੀ ਕੀਤੇ। ਮੋਟਰ ਗੱਡੀਆਂ ਖਾਸ ਕਰ ਕੇ ਬੱਸਾਂ ਦੇ ਕੰਨ ਪਾੜਵੇਂ ਪ੍ਰੈਸ਼ਰ ਹਾਰਨਾਂ ਅਤੇ ਬੱਸਾਂ ਅੰਦਰ ਵੱਜਦੇ ਗਾਣਿਆਂ ਨਾਲ ਪੈਦਾ ਹੁੰਦਾ ਸ਼ੋਰ ਪ੍ਰਦੂਸ਼ਣ ਨਾ ਸਿਰਫ਼ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ ਸਗੋਂ ਇਸ ਨਾਲ ਇਨਸਾਨ ਬਲੱਡ ਪ੍ਰੈਸ਼ਰ ਅਤੇ ਬੋਲਾਪਣ ਵਰਗੀਆਂ ਅਨੇਕਾਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਵਾਹਨਾਂ ਦਾ ਇਹ ਸ਼ੋਰ ਪ੍ਰਦੂਸ਼ਣ ਕਾਫ਼ੀ ਵਾਰ ਗੰਭੀਰ ਐਕਸੀਡੈਂਟਾਂ ਦਾ ਕਾਰਨ ਵੀ ਬਣਦਾ ਹੈ। ਬੋਰਡ ਵਲੋਂ ਸ਼ੋਰ ਪ੍ਰਦੂਸ਼ਣ ਵਿਰੁੱਧ ਵਿੱਢੀ ਗਈ ਇਸ ਮੁਹਿੰਮ ਤਹਿਤ ਪ੍ਰਾਈਵੇਟ ਬੱਸ ਕੰਪਨੀਆਂ ਦੇ ਮਾਲਕਾਂ ਦੇ ਨਾਲ^ਨਾਲ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਸਾਰੇ ਡਰਾਈਵਰਾਂ ਨੂੰ ਪ੍ਰੈਸ਼ਰ ਹਾਰਨ ਅਤੇ ਗਾਣਿਆਂ ਦੇ ਸਪੀਕਰ ਵਰਤਣ ਵਿਰੁੱਧ ਹਿਦਾਇਤਾਂ ਜਾਰੀ ਕਰਵਾਈਆਂ ਗਈਆਂ। ਇਸੇ ਤਰਾਂ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗਾਂ ਕਰ ਕੇ ਉਹਨਾਂ ਦੇ ਬੱਸ ਡਰਾਈਵਰਾਂ ਨੂੰ ਵੀ ਅਜਿਹੇ ਹੁਕਮ ਕਰਵਾਏ। ਸ਼ੋਰ ਪ੍ਰਦੂਸ਼ਣ ਦਾ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ ਸਾਲ 2000 ਵਿਚ ਵਾਤਾਵਰਣ ਸੁਰੱਖਿਆ ਕਾਨੂੰਨ ^ 1986 ਤਹਿਤ ਸ਼ੋਰ ਪ੍ਰਦੁਸ਼ਣ ਕੰਟਰੋਲ ਨਿਯਮ ਬਣਾ ਦਿੱਤੇ ਸਨ। ਜਿਹਨਾਂ ਤਹਿਤ ਮਿੱਥੀ ਗਈ ਹੱਦ ਤੋਂ ਜ਼ਿਆਦਾ ਸ਼ੋਰ ਪੈਦਾ ਕਰਨਾ ਕਾਨੂੰਨੀ ਜ਼ੁਰਮ ਬਣਾ ਦਿੱਤਾ ਗਿਆ ਅਤੇ ਅਜਿਹਾ ਸ਼ੋਰ ਪੈਦਾ ਕਰਨ ਵਾਲੇ ਵਿਅਕਤੀ ਨੂੰ ਛੇ ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸ਼ੋਰ ਪੈਦਾ ਕਰਨ ਵਾਲੀ ਮੋਟਰ ਗੱਡੀ ਦੇ ਡਰਾਈਵਰ ਦਾ ਮੋਟਰ ਵਹੀਕਲ ਐਕਟ ^ 1988 ਤਹਿਤ ਚਲਾਨ ਕੱਟਣ ਦਾ ਪ੍ਰਾਵਧਾਨ ਕਾਨੂੰਨ ਵਿੱਚ ਪਹਿਲਾਂ ਹੀ ਮੌਜੂਦ ਹੈ। ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਦੇ ਬੁਲਾਰੇ ਨੇ ਕਿਹਾ ਕਿ ਬੋਰਡ ਦੇ ਚੇਅਰਮੈਨ ਕੇHਐFੱਸ ਪੰਨੂੰ ਦੀ ਰਹਿਨੁਮਾਈ ਅਧੀਨ ਪੰਜਾਬ ਸਰਕਾਰ ਦੀਆਂ ਤਾਜ਼ਾ ਹਦਾਇਤਾਂ ਅਨੁਸਾਰ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਪੰਜਾਬ ਦੇ ਲੋਕਾਂ ਨੂੰ ਹਰ ਤਰਾਂ ਦੇ ਪ੍ਰਦੂਸ਼ਣ ਤੋਂ ਮੁਕਤ ਅਤੇ ਸਿਹਤਮੰਦ ਵਾਤਾਵਰਣ ਮੁਹੱਈਆ ਕਰਨ ਲਈ ਪੂਰੀ ਤਰਾਂ ਪ੍ਰਤੀਬੱਧ ਹੈ ਅਤੇ ਕਿਸੇ ਨੂੰ ਸੂਬੇ ਦਾ ਪੌਣ^ਪਾਣੀ ਪਲੀਤ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਕੰਨ ਪਾੜ੍ਹਦੇ ਹਾਰਨਾਂ ਅਤੇ ਬੱਸਾਂ ਵਿੱਚ ਚਲਦੇ ਗਾਣਿਆਂ ਕਾਰਨ ਪੈਦਾ ਹੋ ਰਹੇ ਆਵਾਜ਼ ਪ੍ਰਦੂਸ਼ਣ ਖਿਲਾਫ਼ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।
Total Responses : 193