ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਦੇ ਅਧਿਕਾਰੀ ਖਮਾਣੋਂ ਤੇ ਬਸੀ ਪਠਾਣਾਂ ਵਿਖੇ ਓਪਰੇਸ਼ਨ ਮੁਸਕਾਨ-3 ਤਹਿਤ ਚੈਕਿੰਗ ਕਰਦੇ ਹੋਏ।
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 27 ਜੁਲਾਈ, 2017 : ਜ਼ਿਲ੍ਹੇ ਵਿੱਚ ਬਾਲ ਮਜਦੂਰੀ ਤੇ ਬਾਲ ਭਿਕਸ਼ਾ ਨੂੰ ਰੋਕਣ ਦੇ ਮੰਤਵ ਨਾਲ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ਓਪਰੇਸ਼ਨ ਮੁਸਕਾਨ-3 ਤਹਿਤ ਬਸੀ ਪਠਾਣਾ ਤੇ ਖਮਾਣੋਂ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਗਈ ਤਾਂ ਜੋ ਬੱਚਿਆਂ ਤੋਂ ਮਜਦੂਰੀ ਜਾਂ ਭੀਖ ਮੰਗਣ ਵਰਗੇ ਕੰਮ ਕਰਵਾਉਣ ਵਾਲਿਆਂ 'ਤੇ ਸਖਤੀ ਨਾਲ ਨੱਥ ਪਾਈ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ ਓਪਰੇਸ਼ਨ ਮੁਸਕਾਨ ਦਾ ਮੰਤਵ ਮਾਪਿਆਂ ਤੋਂ ਜੁਦਾ ਹੋਏ ਬੱਚਿਆਂ ਨੂੰ ਲੱਭ ਕੇ ਮੁੜ ਉਨ੍ਹਾਂ ਦੇ ਪਰਿਵਾਰਾਂ ਵਿੱਚ ਭੇਜਣਾ ਹੈ ਤਾਂ ਜੋ ਇਹ ਬੱਚੇ ਆਮ ਬੱਚਿਆਂ ਵਾਂਗ ਆਪਣੇ ਮਾਪਿਆਂ ਕੋਲ ਰਹਿ ਕੇ ਜਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਦਾ ਲਾਭ ਉਠਾ ਸਕਣ।
ਸ੍ਰੀ ਮਹਿਮੀ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਬਸੀ ਪਠਾਣਾ ਦੀ ਇੱਕ ਫਲਾਂ ਦੀ ਦੁਕਾਨ ਤੋਂ ਅਤੇ ਖਮਾਣੋਂ ਦੇ ਇੱਕ ਢਾਬੇ ਤੋਂ 2 ਬੱਚੇ ਕੰਮ ਕਰਦੇ ਮਿਲੇ। ਜਿਨ੍ਹਾਂ ਵਿੱਚੋਂ ਇੱਕ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਸ੍ਰੀ ਗੁਲਸ਼ਨ ਰਾਏ ਬੌਬੀ ਕੋਲ ਅਗਲੇਰੀ ਕਾਰਵਾਈ ਲਈ ਭੇਜਿਆ ਗਿਆ। ਜਦੋਂ ਕਿ ਖਮਾਣੋਂ ਤੋਂ ਮਿਲੇ ਬੱਚੇ ਨੂੰ ਖਮਾਣੋਂ ਦੇ ਵਾਰਡ ਨੰ: 11 ਦੇ ਐਮ.ਸੀ. ਰਵਿੰਦਰ ਕੁਮਾਰ ਵੱਲੋਂ ਲਿਖਤੀ ਬਿਆਨ ਦ ਆਧਾਰ 'ਤੇ ਆਰਜੀ ਤੌਰ 'ਤੇ ਛੱਡਿਆ ਗਿਆ ਅਤੇ ਸੋਮਵਾਰ ਤੱਕ ਦਾ ਸਮਾਂ ਦਿੱਤਾ ਗਿਆ ਕਿ ਇਸ ਬੱਚੇ ਦਾ ਮਾਂ ਬਾਪ ਬਾਰੇ ਪਤਾ ਕਰਕੇ ਅਤੇ ਇਸ ਦੀ ਉਮਰ ਬਾਰੇ ਸਬੂਤ ਬਾਲ ਭਲਾਈ ਕਮੇਟੀ ਕੋਲ ਪੇਸ਼ ਕੀਤੇ ਜਾਣ ਤਾਂ ਜੋ ਬਾਲ ਮਜਦੂਰੀ ਕਰਵਾਉਣ ਵਾਲਿਆਂ 'ਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
ਸ੍ਰੀ ਮਹਿਮੀ ਨੇ ਦੱਸਿਆ ਕਿ ਜੇਕਰ ਬਾਲ ਭਲਾਈ ਕਮੇਟੀ ਕੋਲ ਇਨ੍ਹਾਂ ਬੱਚਿਆਂ ਦੀ ਉਮਰ 14 ਸਾਲ ਤੋਂ ਘੱਟ ਪਾਈ ਗਈ ਤਾਂ ਸਬੰਧਤ ਢਾਬਾ ਮਾਲਕ ਤੇ ਫਲਾਂ ਦੀ ਦੁਕਾਨ ਦੇ ਮਾਲਕ ਵਿਰੁੱਧ ਲੇਬਰ ਵਿਭਾਗ ਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 14 ਸਾਲ ਦੀ ਉਮਰ ਦਾ ਬੱਚਾ ਸਿਰਫ ਉਹੀ ਛੋਟੇ-ਮੋਟੇ ਕੰਮ ਕਰ ਸਕਦਾ ਹੈ ਜਿਸ ਨਾਲ ਉਸ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਅਤੇ ਅਜਿਹੇ ਕੰਮ ਜਿਸ ਨਾਲ ਉਸ ਬੱਚੇ ਦੀ ਜਾਨ ਨੂੰ ਨੁਕਸਾਨ ਪਹੁੰਚਦਾ ਹੋਵੇ ਕੋਈ ਨਹੀਂ ਕਰਵਾ ਸਕਦਾ। ਇਸ ਚੈਕਿੰਗ ਮੌਕੇ ਸਿਹਤ ਵਿਭਾਗ ਦੇ ਡਾ. ਪਰਦੀਪ ਸਿੰਘ ਗਿੱਲ, ਡਾ. ਸਪਨਾ ਸੇਠੀ, ਡਾ. ਗਗਨਦੀਪ ਸਿੰਘ, ਏ.ਈ.ਓ. ਗੁਰਸੇਵਕ ਸਿੰਘ, ਏ.ਬੀ.ਐਮ. ਅੰਗਰੇਜ ਸਿੰਘ, ਅਮਨਜੋਤ ਸਿੰਘ, ਵਿਕਰਮ ਮੈਂਗੀ, ਬਾਲ ਸੁਰੱਖਿਆ ਅਫਸਰ ਨੇਹਾ ਸਿੰਗਲਾ, ਸ਼ੋਸ਼ਲ ਵਰਕਰ ਹਰਪ੍ਰੀਤ ਕੌਰ, ਡਾਟਾ ਐਨਾਲਿਸਟ ਗਗਨਦੀਪ ਸ਼ਾਹੀ, ਸੋਨੀਆ ਮੜਕਨ, ਰੰਜਨਾ ਸ਼ਰਮਾ, ਗੁਰਸ਼ਰਨ ਸਿੰਘ ਵੀ ਮੌਜੂਦ ਸਨ।