ਸਮਾਗਮ ਦੀ ਤਿਆਰੀ ਸਬੰਧੀ ਕੀਤੇ ਗਈ ਮੀਟਿੰਗ ਮੌਕੇ ਸੰਤ ਬਾਬਾ ਬ੍ਰਹਮ ਦਾਸ ਜੀ, ਮੰਤਰੀ ਕਰਨਦੇਵ ਕੰਬੋਜ਼ ਅਤੇ ਬੀਬੀ ਸੁਨੀਤਾ ਦੁੱਗਲ ਅਤੇ ਹਾਜ਼ਰ ਹੋਰ ਸ਼ਖਸੀਅਤਾਂ
ਜਗਦੀਸ਼ ਥਿੰਦ
ਗੁਰੂਹਰਸਹਾਏ/ ਸਿਰਸਾ, 27 ਜੁਲਾਈ, 2017 : ਦੇਸ਼ ਦੀ ਅਜਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦ ਸ: ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਉਤਰੀ ਭਾਰਤ ਦਾ ਵੱਡਾ ਸ਼ਰਧਾਂਜਲੀ ਸਮਾਗਮ ਡੇਰਾ ਬਾਬਾ ਭੁੰਮਨ ਸ਼ਾਹ, ਸੰਗਰ ਸਾਧਾਂ, ਸਿਰਸਾ ਵਿਖੇ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਬ੍ਰਹਮ ਦਾਸ ਜੀ ਜਿੱਥੇ ਆਪਣੇ ਪ੍ਰਵਚਨਾਂ ਨਾਲ ਸਮਾਗਮ ਵਿਚ ਪੁੱਜਣ ਵਾਲੇ ਲੋਕਾਂ ਨੂੰ ਪਰਮਾਰਥ ਅਤੇ ਅਧਿਆਤਮਕ ਗਿਆਨ ਦੇਣਗੇ, ਉਥੇ ਮਹਾਨ ਸ਼ਹੀਦ ਊਧਮ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਵਿਚ ਸ਼ਹੀਦ ਕੀਤੇ ਗਏ ਸੈਂਕੜੇ ਬੇਕਸੂਰ ਭਾਰਤੀ ਲੋਕਾਂ ਦਾ ਬਦਲਾ ਲੈਣ ਲਈ 21 ਸਾਲ ਦੀ ਘਾਲਣਾ ਸਬੰਧੀ ਵੀ ਦੱਸਣਗੇ।
ਇਸ ਸਮਾਗਮ ਵਿਚ ਮੁੱਖ ਮੰਤਰੀ ਹਰਿਆਣਾ ਸ਼੍ਰੀ ਮਨੋਹਰ ਲਾਲ ਖੱਟੜ, ਕਰਨਦੇਵ ਕੰਬੋਜ਼, ਮਹਿਲਾ ਵਿਕਾਸ ਨਿਗਮ ਹਰਿਆਣਾ ਦੀ ਚੇਅਰਮੈਨ ਸੁਨੀਤਾ ਦੁੱਗਲ, ਜੀ ਟੈਲੀਵਿਜ਼ਨ ਦੇ ਡਾਇਰੈਕਟਰ ਅਤੇ ਰਾਜ ਸਭਾ ਮੈਂਬਰ ਸੁਭਾਸ਼ ਚੰਦਰਾ, ਸਾਬਕਾ ਮੰਤਰੀ ਪੰਜਾਬ ਹੰਸ ਰਾਜ ਜੋਸਨ, ਅਮਿਤ ਕੰਬੋਜ਼, ਰੋਸ਼ਨ ਲਾਲ ਕੰਬੋਜ਼, ਆਮ ਆਦਮੀ ਪਾਰਟੀ ਦੇ ਜ਼ਿਲਾ੍ਹ ਪ੍ਰਧਾਨ ਮਲਕੀਤ ਥਿੰਦ, ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਕਾਂਗਰਸ, ਭਾਜਪਾ ਅਤੇ ਹੋਰਨਾਂ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਖੇਤਰ ਦੀਆਂ ਅਹਿਮ ਸ਼ਖਸੀਅਤਾਂ ਪੁੱਜ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲੰਦਨ ਵਿਚ ਪਏ ਸ਼ਹੀਦ ਊਧਮ ਸਿੰਘ ਦੇ ਪਿਸਤੌਲ, ਡਾਇਰੀ ਅਤੇ ਚੱਲੇ ਹੋਏ ਮੁੱਕਦਮੇ ਦਾ ਰਿਕਾਰਡ ਭਾਰਤ ਵਿਚ ਲਿਆਂਦਾ ਜਾਵੇ। ਸ਼ਹੀਦ ਦੇ ਨਾਮ ਤੇ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ ਜਾਣ, ਸ਼ਹੀਦ ਦਾ ਬੁੱਤ ਲੋਕਸਭਾ ਕੰਪਲੈਕਸ ਵਿਚ ਲਗਾਇਆ ਜਾਵੇ।