ਅੰਮ੍ਰਿਤਸਰ, 27 ਜੁਲਾਈ, 2017 : ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਇਟਲੀ ਦੀ ਸੁਪਰੀਮ ਕੋਰਟ ਵੱਲੋਂ ਕਿਰਪਾਨ ‘ਤੇ ਪਾਬੰਦੀ ਲਾਉਣ ਮਗਰੋਂ ਉੱਥੋਂ ਦੀ ਪ੍ਰਾਈਵੇਟ ਕੰਪਨੀ ਵੱਲੋਂ ਬਣਾਈ ਗਈ ਵਿਸ਼ੇਸ਼ ਧਾਤੂ ਦੀ ਕਿਰਪਾਨ ਦੇ ਨਮੂਨੇ ਨੂੰ ਰੱਦ ਕਰ ਦਿੱਤਾ ਹੈ। ਕੰਪਨੀ ਵੱਲੋਂ ਇਹ ਨਮੂਨੇ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਵਿਖੇ ਭੇਟ ਕੀਤੇ ਗਏ ਸਨ। ਸਿੰਘ ਸਾਹਿਬਾਨ ਵੱਲੋਂ ਕੰਪਨੀ ਵੱਲੋਂ ਬਣਾਈ ਗਈ ਕਿਰਪਾਨ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਹੈ।
ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਟਲੀ ਦੀ ਕੰਪਨੀ ਵੱਲੋਂ ਕਿਰਪਾਨ ਦੇ ਨਮੂਨੇ ਪੇਸ਼ ਕੀਤੇ ਗਏ ਸਨ। ਅੱਜ ਦੀ ਬੈਠਕ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰ ਕੀਤੇ ਜਾਣ ਮਗਰੋਂ ਤੇ ਇਤਿਹਾਸ ਵਾਚਣ ਦੇ ਨਾਲ-ਨਾਲ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ, ਧਾਰਮਿਕ ਜਥੇਬੰਦੀਆਂ ਵੱਲੋਂ ਦਿੱਤੀ ਗਈ ਰਾਏ ਅਨੁਸਾਰ ਇਸ ਧਾਤ ਦੀ ਬਣੀ ਕਿਰਪਾਨ ਨੂੰ ਮੂਲੋਂ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਜੋ ਸਿੱਖ ਨੂੰ ਪੰਜ ਕਕਾਰੀ ਰਹਿਤ ਬਖਸ਼ੀ ਗਈ ਹੈ, ਉਸ ਵਿੱਚ ਕਿਰਪਾਨ ਦਾ ਅਹਿਮ ਸਥਾਨ ਹੈ। ਉਨ੍ਹਾਂ ਇਸ ਸਬੰਧੀ ਸਾਰੀਆਂ ਧਾਰਮਿਕ ਜਥੇਬੰਦੀਆਂ ਤੇ ਗੁਰਦਵਾਰਾ ਕਮੇਟੀਆਂ ਨੂੰ ਆਦੇਸ਼ ਕੀਤਾ ਕਿ ਕਿਰਪਾਨ ਦੀ ਪ੍ਰਵਾਨਗੀ ਵਾਸਤੇ ਚਾਰਾਜ਼ੋਈ ਕਰਨ।
ਇਸ ਦੇ ਨਾਲ ਹੀ ਜਥੇਦਾਰ ਸਾਹਿਬ ਨੇ ਦੱਸਿਆ ਕਿ ਪਿਛਲੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਵਿਖੇ ਜਸਵੰਤ ਸਿੰਘ ਖੋਸਾ ਵੱਲੋਂ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿੱਚ ਅਖੰਡਪਾਠ ਕਰਦੇ ਸਮੇਂ ਪਾਠੀ ਸਿੰਘਾਂ ਨੇ ਕਈ ਤਰੁੱਟੀਆਂ ਪਾਈਆਂ, ਜਿਸ ਦੇ ਲਈ ਇਸ ਮਾਮਲੇ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਆਪ ਜਾ ਕੇ ਪਾਵਨ ਸਰੂਪ ਦੇ ਦਰਸ਼ਨ ਕੀਤੇ ਤੇ ਤਰੁੱਟੀਆਂ ਵੀ ਪਾਈਆਂ।
ਪੜਤਾਲੀਆਂ ਰਿਪੋਰਟ ਮੁਤਾਬਕ ਇਸ ਮਾਮਲੇ ਵਿੱਚ ਦੋਸ਼ੀ ਪਾਏ ਗਏ ਦਮਦਮਾ ਸਾਹਿਬ ਦੇ ਮੈਨੇਜਰ ਜਗਜੀਤ ਸਿੰਘ, ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਇੰਚਾਰਜ ਅਖੰਡ ਪਾਠ ਜਰਨੈਲ ਸਿੰਘ ‘ਤੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚੋਂ ਜਸਵੰਤ ਸਿੰਘ ਖੋਸਾ, ਗਿਆਨੀ ਜਗਤਾਰ ਸਿੰਘ ਤੇ ਜਰਨੈਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ ‘ਤੇ ਤਲਬ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੜਤਾਲੀਆ ਕਮੇਟੀ ਜਲਦ ਤੋਂ ਜਲਦ ਬਾਕੀ ਰਿਪੋਰਟ ਵੀ ਦੇਵੇ। ਇਸ ਪਾਵਨ ਸਰੂਪ ਨੂੰ ਦੀ ਵੀਡੀਓ/ਫੋਟੋਗ੍ਰਾਫੀ ਕਰਵਾ ਕੇ ਇਸ ਨੂੰ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਾਉਣ ਦਾ ਪ੍ਰਬੰਧ ਕਰੇ।
ਇਸ ਦੇ ਨਾਲ ਹੀ ਉਨ੍ਹਾਂ ਬੀਤੇ ਦਿਨੀਂ ਦਮਦਮ ਸਾਹਿਬ ਵਿਖੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਇਸ ਘਟਨਾ ਨਾਲ ਜਿੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧ ਦੀ ਕਾਫੀ ਬਦਨਾਮੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਹੋ ਜਿਹੇ ਮੁਲਾਜ਼ਮਾਂ ‘ਤੇ ਸ਼ਖਤ ਕਾਰਵਾਈ ਕਰੇ।