← ਪਿਛੇ ਪਰਤੋ
ਪਟਿਆਲਾ, 23 ਜੁਲਾਈ 2017: ਪਟਿਆਲਾ ਜ਼ਿਲ੍ਹੇ ਵਿੱਚ ਸਰਪੰਚਾਂ ਦੀਆਂ 10 ਤੇ ਪੰਚਾਂ ਦੀਆਂ 40 ਖਾਲੀ ਸੀਟਾਂ ਵਾਸਤੇ ਗਰਾਂਮ ਪੰਚਾਇਤ ਦੀਆਂ 6 ਅਗਸਤ ਨੂੰ ਹੋਣ ਵਾਲੀਆਂ ਜਿਮਨੀ ਚੋਣਾਂ ਲਈ ਨਾਮਜਦਗੀਆਂ 24 ਜੁਲਾਈ ਤੋਂ 27 ਜੁਲਾਈ ਤੱਕ ਦਾਖਲ ਕੀਤੀਆਂ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਹਨਾਂ ਜਿਮਨੀ ਚੋਣਾਂ ਦੇ ਅਮਲ ਨੂੰ ਨੇਪਰੇ ਚਾੜਨ ਲਈ ਰਿਟਰਨਿੰਗ ਅਫ਼ਸਰ ਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਪਟਿਆਲਾ, ਸਨੌਰ ਤੇ ਭੁਨਰਹੇੜੀ ਬਲਾਕ ਲਈ ਤਹਿਸੀਲਦਾਰ ਪਟਿਆਲਾ ਸ੍ਰੀ ਸੁਭਾਸ਼ ਚੰਦਰ ਨੂੰ ਰਿਟਰਨਿੰਗ ਅਧਿਕਾਰੀ ਤੇ ਨਾਇਬ ਤਹਿਸੀਲਦਾਰ ਸ੍ਰੀ ਰਣਜੀਤ ਸਿੰਘ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ ਅਤੇ ਪਟਿਆਲਾ, ਸਨੌਰ ਤੇ ਭੁਨਰਹੇੜੀ ਬਲਾਕ ਦੀਆਂ ਨਾਮਜਦਗੀਆਂ ਮਿੰਨੀ ਸਕੱਤਰੇਤ ਦੇ ਬਲਾਕ ਏ ਦੇ ਕਮਰਾ ਨੰ:202 ਵਿੱਚ ਤਹਿਸੀਲਦਾਰ ਦਫ਼ਤਰ ਪਟਿਆਲਾ ਵਿਖੇ ਦਾਖਿਲ ਕੀਤੀਆਂ ਜਾ ਸਕਣਗੀਆਂ। ਉਹਨਾਂ ਦੱਸਿਆ ਕਿ ਰਾਜਪੁਰਾ ਤੇ ਘਨੌਰ ਬਲਾਕ ਲਈ ਤਹਿਸੀਲਦਾਰ ਰਾਜਪੁਰਾ ਸ੍ਰੀ ਹਰਸਿਮਰਨ ਸਿੰਘ ਤੇ ਨਾਇਬ ਤਹਿਸੀਲਦਾਰ ਰਾਜਪੁਰਾ ਸ੍ਰੀ ਗੁਰਮੀਤ ਸਿੰਘ ਮਿਚਰਾ ਨੂੰ ਕ੍ਰਮਵਾਰ ਰਿਟਰਨਿੰਗ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ ਅਤੇ ਇਹਨਾਂ ਬਲਾਕਾਂ ਦੀਆਂ ਨਾਮਜਦਗੀਆਂ ਮਿੰਨੀ ਸਕੱਤਰੇਤ ਰਾਜਪੁਰਾ ਦੇ ਕਮਰਾ ਨੰਬਰ 112 ਵਿੱਚ ਦਾਖਲ ਕੀਤੀਆਂ ਜਾ ਸਕਣਗੀਆਂ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਨਾਭਾ ਬਲਾਕ ਵਿੱਚ ਤਹਿਸੀਲਦਾਰ ਸ੍ਰੀ ਸੁਖਜਿੰਦਰ ਸਿੰਘ ਟਿਵਾਣਾ ਨੂੰ ਰਿਟਰਨਿੰਗ ਅਧਿਕਾਰੀ ਤੇ ਨਾਇਬ ਤਹਿਸੀਲਦਾਰ ਸ੍ਰੀ ਕੁਲਭੂਸ਼ਨ ਕੁਮਾਰ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ ਅਤੇ ਇਥੋਂ ਦੀਆਂ ਨਾਮਜਦਗੀਆਂ ਤਹਿਸੀਲਦਾਰ ਨਾਭਾ ਦੇ ਕੋਰਟ ਰੂਮ ਵਿੱਚ ਦਾਖਿਲ ਕੀਤੀਆਂ ਜਾ ਸਕਣਗੀਆਂ ਜਦ ਕਿ ਸਮਾਣਾ ਬਲਾਕ ਲਈ ਤਹਿਸੀਲਦਾਰ ਸ੍ਰੀ ਰਾਮ ਕ੍ਰਿਸ਼ਨ ਨੂੰ ਰਿਟਰਨਿੰਗ ਅਧਿਕਾਰੀ ਅਤੇ ਨਾਇਬ ਤਹਿਸੀਲਦਾਰ ਸ੍ਰੀ ਰਾਜ ਵਰਿੰਦਰ ਧਨੋਆ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ ਅਤੇ ਇਥੋਂ ਦੀਆਂ ਨਾਮਜਦਗੀਆਂ ਤਹਿਸੀਲਦਾਰ ਦਫ਼ਤਰ ਸਮਾਣਾ ਵਿਖੇ ਦਾਖਲ ਹੋ ਸਕਣਗੀਆਂ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਪਾਤੜਾਂ ਬਲਾਕ ਵਿੱਚ ਵੀ ਉਥੇ ਦੇ ਤਹਿਸੀਲਦਾਰ ਸ੍ਰੀ ਹਰਬੰਸ ਸਿੰਘ ਤੇ ਨਾਇਬ ਤਹਿਸੀਲਦਾਰ ਸ੍ਰੀ ਹਮੀਰ ਸਿੰਘ ਨੂੰ ਕ੍ਰਮਵਾਰ ਰਿਟਰਨਿੰਗ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ। ਇਥੇ ਨਾਮਜਦਗੀਆਂ ਤਹਿਸੀਲਦਾਰ ਦਫ਼ਤਰ ਪਾਤੜਾਂ ਵਿਖੇ ਦਾਖਲ ਕੀਤੀਆਂ ਜਾ ਸਕਣਗੀਆਂ। ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 28 ਜੁਲਾਈ ਨੂੰ ਨਾਮਜਦਗੀਆਂ ਦੀ ਪੜਤਾਲ ਹੋਵੇਗੀ ਅਤੇ 29 ਜੁਲਾਈ ਤੱਕ ਨਾਮਜਦਗੀਆਂ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਵੋਟਾਂ 6 ਅਗਸਤ (ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਦੀ ਸਮਾਪਤੀ ਉਪਰੰਤ ਉਹਨਾਂ ਪੋਲਿੰਗ ਸਟੇਸ਼ਨਾਂ ਵਿੱਚ ਹੀ ਵੋਟਾਂ ਦੀ ਗਿਣਤੀ ਹੋਵੇਗੀ।
Total Responses : 863