ਜੋਤੀ ਪ੍ਰਚੰਡ ਕਰਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ।
ਪਟਿਆਲਾ, 16 ਜੁਲਾਈ, 2017 : ਸ਼੍ਰੀ ਸਿੱਧ ਸ਼ਕਤੀ ਪੀਠ ਮਾਂ ਨੈਣਾ ਦੇਵੀ ਵੈਲਫੇਅਰ ਕਲੱਬ ਵਲੋਂ ਚੌਥਾ ਵਿਸ਼ਾਲ ਮਾਂ ਭਗਵਤੀ ਜਾਗਰਣ ਕਿਲ੍ਹਾ ਚੌਕ ਵਿਖੇ ਆਯੋਜਿਤ ਕੀਤਾ ਗਿਆ। ਕਲੱਬ ਵਲੋਂ ਹਰ ਮਹੀਨੇ ਮਾਂ ਨੈਣਾ ਦੇਵੀ ਦੀ ਯਾਤਰਾ ਲਈ ਬੱਸ ਭੇਜੀ ਜਾਂਦੀ ਹੈ। ਪਿਛਲੇ 4 ਸਾਲਾਂ ਤੋਂ ਕਲੱਬ ਵਲੋਂ ਇਹ ਸੇਵਾ ਕੀਤੀਜਾ ਰਹੀ ਹੈ। 4 ਸਾਲ ਮੁਕੰਮਲ ਹੋਣ 'ਤੇ ਕਲੱਬ ਵਲੋਂ ਵਿਸਾਲ ਭਗਵਤੀ ਜਾਗਰਣ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਾਹਲ ਪਹੁੰਚੇ ਅਤੇ ਉਨ੍ਹਾਂ ਜੋਤੀ ਪ੍ਰਚੰਡ ਕਰਕੇ ਜਾਗਰਣ ਦਾ ਸ਼ੁਭ ਆਰੰਭ ਕੀਤਾ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਅਤੇ ਨੂਰਾ ਭੈਣਾਂ ਨੇ ਸਾਰੀ ਰਾਤ ਮਾਤਾ ਦਾ ਗੁਣਗਾਨ ਕੀਤਾ। ਜੋਤੀ ਪ੍ਰਚੰਡ ਕਰਨ ਤੋਂ ਬਾਅਦ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਸ. ਭਰਤਇੰਦਰ ਸਿੰਘ ਚਾਹਲ ਨੇ ਕਿਹਾ ਕਿ ਧਰਮ ਨਿਰਪੱਖਤਾ ਪਟਿਆਲਾ ਦੀ ਵਿਰਾਸਤ ਹੈ। ਇਸ ਸ਼ਹਿਰ ਵਿਚ ਹਰ ਧਰਮ ਦਾ ਪੂਰਾ ਸਤਿਕਾਰ ਹੁੰਦਾ ਹੈ। ਪਟਿਆਲਾ ਰਿਆਸਤ ਨੇ ਇਥੇ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈਆਂ ਦੇ ਧਾਰਮਿਕ ਸਥਾਨ ਬਣਵਾਏ। ਸ੍ਰੀ ਦੁੱਖ ਨਿਵਾਰਨ ਸਾਹਿਬ, ਮਾਂ ਕਾਲੀ ਮੰਦਰ ਅਤੇ ਮਾਲ ਰੋਡ ਸਥਿਤ ਪੀਰ ਬਾਬਾ ਰੋਡੇਸ਼ਾਹ ਦੀ ਦਰਗਾਹ 'ਤੇ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਪਟਿਆਲਾ ਦੇ ਲੋਕ ਹਰ ਧਾਰਮਿਕ ਸਥਾਨ 'ਤੇ ਪੂਰੀ ਸ਼ਰਧਾਂ ਨਾਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਸਮੁੱਚੀ ਮਨੁੱਖਤਾ ਦੀ ਚੜ੍ਹਦੀਕਲਾ ਲਈ ਜੋ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ ਹੈ, ਉਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀ ਘੱਟ ਹੈ। ਸ. ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਆਪਸੀ ਭਾਈਚਾਰਾ ਅਤੇ ਸਦਭਾਵਨਾ ਮਜਬੂਤ ਕਰਨਾ ਹੈ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਵਧਿਆ ਹੈ।
ਇਸ ਮੌਕੇ ਆਯੋਜਕਾਂ ਵਲੋਂ ਸ. ਭਰਤਇੰਦਰ ਸਿੰਘ ਚਾਹਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਜਾਗਰਣ ਵਿਚ ਪੀ. ਆਰ. ਟੀ. ਸੀ. ਦੇ ਚੇਅਰਮੈਨ ਸ਼੍ਰੀ ਕੇ. ਕੇ. ਸ਼ਰਮਾ, ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ. ਐਸ. ਪੀ. ਸਿੰਘ ਓਬਰਾਏ, ਕੌਂਸਲਰ ਸੰਜੀਵ ਸ਼ਰਮਾ ਬਿੱਟੂ, ਬਲਾਕ ਕਾਂਗਰਸ ਪ੍ਰਧਾਨ ਅਨਿਲ ਮੰਗਲਾ, ਬੰਟੀ ਬਾਬਾ ਜੀ, ਪੰਜਾਬ ਕਾਂਗਰਸ ਦੇ ਸਕੱਤਰ ਅਤੇ ਸਾਬਕਾ ਕੌਂਸਲਰ ਕ੍ਰਿਸ਼ਨ ਚੰਦ ਬੁੱਧੂ, ਯੂਥ ਕਾਂਗਰਸ ਦੇ ਪ੍ਰਧਾਨ ਸੰਦੀਪ ਮਲਹੋਤਰਾ, ਫਤਿਹਗੜ੍ਹ ਸਾਹਿਬ ਦੇ ਐਸ. ਪੀ. (ਡੀ) ਦਲਜੀਤ ਸਿੰਘ ਰਾਣਾ, ਡੀ. ਐਸ. ਪੀ. ਸਿਟੀ ਪਟਿਆਲਾ ਸੌਰਵ ਜਿੰਦਲ, ਥਾਣਾ ਕੋਤਵਾਲੀ ਦੇ ਇੰਚਾਰਜ ਇੰਸ. ਰਾਹੁਲ ਕੌਸ਼ਲ, ਸ. ਜੱਸਾ ਸਿੰਘ ਸੰਧੂ ਤੋਂ ਇਲਾਵਾ ਹੋਰ ਕਈ ਸਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ। ਇਸ ਮੌਕੇ ਕਲੱਬ ਦੇ ਪ੍ਰਧਾਨ ਜਿੰਮੀ ਗੁਪਤਾ, ਅਮਿਤ ਕੁਮਾਰ ਗੋਲੂ, ਆਸ਼ੀਸ਼, ਰਾਜਨ, ਸੌਰਵ, ਜਿਗਰ ਦੀ ਅਗਵਾਈ ਹੇਠ ਕਲੱਬ ਦੀ ਟੀਮ ਨੇ ਸਾਰੀ ਰਾਤ ਪ੍ਰਬੰਧਾਂ ਦੀ ਦੇਖਰੇਖ ਕੀਤੀ। ਜਾਗਰਣ ਵਿਚ ਪਹੁੰਚੇ ਸਮੁੱਚੇ ਆਗੂਆਂ ਅਤੇ ਅਫਸਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ।