ਪਟਿਆਲਾ, 14 ਜੁਲਾਈ, 2017 : ਪੰਜਾਬ ਸਰਕਾਰ ਦੇ ਅਧਿਕਾਰੀਆਂ, ਕਰਮਚਾਰੀਆਂ ਨੂੰ ਭਾਰਤ ਸਰਕਾਰ ਵੱਲੋਂ ਇਸੇ ਮਹੀਨੇ ਲਾਗੂ ਕੀਤੇ ਗਏ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਬਾਰੇ ਜਾਣਕਾਰੀ ਦੇਣ ਲਈ ਅੱਜ ਦਾ ਇੰਸਟੀਚਿਊਟ ਆਫ ਕੌਸਟ ਅਕਾਊਟੈਂਟਸ ਆਫ ਇੰਡੀਆ (ਆਈ.ਸੀ.ਏ.ਆਈ.) ਦੇ ਪਟਿਆਲਾ ਚੈਪਟਰ ਆਫ ਕੌਸਟ ਅਕਾਊਟੈਂਟਸ (ਪੀ.ਸੀ.ਸੀ.ਏ.) ਨੇ ਮਿੰਨੀ ਸਕੱਤਰੇਤ ਵਿਖੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਹੈ।
ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਪੀ.ਐਸ.ਪੀ.ਸੀ.ਐਲ., ਪੀ.ਐਸ.ਟੀ.ਸੀ.ਐਲ. ਦੇ ਅਧਿਕਾਰੀਆਂ ਅਤੇ ਅਕਾਊਂਟੈਟਾਂ ਨੂੰ ਜੀ.ਐਸ.ਟੀ. 'ਤੇ ਜਾਣਕਾਰੀ ਦੇਣ ਲਈ ''ਜੀ.ਐਸ.ਟੀ. ਅਤੇ ਇਸ ਦੇ ਪ੍ਰਭਾਵ'' ਵਿਸ਼ੇ 'ਤੇ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਨੂੰ ਸਰਕਾਰੀ ਵਿਭਾਗਾਂ ਬਿਜਲੀ ਖੇਤਰ ਅਤੇ ਸਮਾਜ ਨੂੰ ਧਿਆਨ ਵਿੱਚ ਰੱਖ ਕੇ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਕਿਹਾ ਕਿ ਪੰਜਾਬ ਸਰਕਾਰ ਜੀ.ਐਸ.ਟੀ. ਬਾਰੇ ਜਾਣਕਾਰੀ ਫੈਲਾਉਣ 'ਚ ਪੂਰਾ ਧਿਆਨ ਦੇ ਰਹੀ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੱਡੇ ਪੈਮਾਨੇ 'ਤੇ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਇਸ ਕਾਨੂੰਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ ਜਿਸ ਨਾਲ ਲੋਕੀਂ ਇੱਕ ਦੂਸਰੇ ਨੂੰ ਜਾਣਕਾਰੀ ਦੇ ਸਕਣ ਅਤੇ ਵਪਾਰ ਕਰਨ ਵਿੱਚ ਪਾਰਦਰਸ਼ਤਾ ਆਵੇ ਨਾਲ ਹੀ ਵਪਾਰ ਕਰਨ 'ਚ ਆਸਾਨੀ ਵੀ ਹੋਵੇ। ਉਹਨਾਂ ਕਿਹਾ ਕਿ ਸਰਕਾਰ, ਇੰਡਸਟਰੀ ਅਤੇ ਮਾਹਿਰਾਂ ਦੀਆਂ ਸੰਸਥਾਵਾਂ ਦੇ ਇੱਕ ਥਾਂ 'ਤੇ ਕੰਮ ਕਰਨ ਨਾਲ ਇਹ ਵਧੀਆ ਅਤੇ ਸਾਧਾਰਨ ਟੈਕਸ ਸਾਬਤ ਹੋਣ ਜਾਵੇਗਾ। ਇਸ ਨਾਲ ਰਾਜ ਸਰਕਾਰ ਨੂੰ ਵੱਧ ਮਾਲੀਆ ਵੀ ਮਿਲੇਗਾ।
ਵਰਕਸ਼ਾਪ ਨੂੰ ਸੰਬੋਧਨ ਕਰਨ ਆਏ ਮੁੱਖ ਸਪੀਕਰ ਅਤੇ ਟੈਕਸ ਮਾਮਲਿਆਂ ਦੇ ਮਾਹਿਰ ਸ਼੍ਰੀ ਐਸ.ਕੇ. ਭੱਟ ਨੇ ਭਾਗ ਲੈਣ ਆਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੀ.ਐਸ.ਟੀ. ਬਾਰੇ ਮੁਢਲੀ ਜਾਣਕਾਰੀ ਦੇਣ ਤੋਂ ਇਲਾਵਾ ਇਸ ਨਾਲ ਪੈਣ ਵਾਲੇ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ। ਨਾਲ ਹੀ ਉਹਨਾਂ ਨੇ ਸਾਧਾਰਨ ਭਾਸ਼ਾ ਵਿੱਚ ਲਾਗੂ ਹੋਣ ਤੋਂ ਬਾਅਦ ਉੱਠਣ ਵਾਲੇ ਮਸਲਿਆਂ ਦਾ ਹੱਲ ਸੁਝਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜੀ.ਐਸ.ਟੀ. ਨੂੰ ਵਿਵਹਾਰ ਵਿੱਚ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਸਾਰੇ ਦੇਸ਼ ਨੂੰ ਇੱਕ ਬਾਜਾਰ ਬਣਾਉਣ ਵਾਲੇ ਇਸ ਟੈਕਸ ਨਾਲ ਭਾਰਤ ਵਿੱਚ ਵੱਡੇ ਬਦਲਾਵ ਆਉਣਗੇ ਅਤੇ ਇਹ ਸਾਕਾਰਤਮਕ ਹੋਣਗੇ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਿਲਣ ਵਾਲੇ ਟੈਕਸ 'ਚ ਕਾਫ਼ੀ ਬਡੋਤਰੀ ਹੋਵੇਗੀ। ਉਹਨਾਂ ਕਿਹਾ ਕਿ ਸਿਰਫ ਜੀ.ਐਸ.ਟੀ. ਲਾਗੂ ਹੋਣ ਨਾਲ ਦੇਸ਼ ਦੀ ਜੀ.ਡੀ.ਪੀ. 2 ਫੀਸਦੀ ਵਧੇਗੀ ਅਤੇ ਲੋਕਾਂ 'ਤੇ ਟੈਕਸ ਦਾ ਬੋਝ ਘਟੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਸੌਕਤ ਅਮਿਦ ਪਰੇ ਨੇ ਕਿਹਾ ਕਿ ਸਰਕਾਰੀ ਪੱਧਰ 'ਤੇ ਅਧਿਕਾਰੀਆਂ ਅਤੇ ਇੰਡਸਟਰੀ ਨੂੰ ਜੀ.ਐਸ.ਟੀ. ਬਾਰੇ ਸਮੇਂ ਸਿਰ ਜਾਣਕਾਰੀ ਦੇਣ ਅਤੇ ਇਸ ਪ੍ਰਤੀ ਜਾਗਰੂਕ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜੀ.ਐਸ.ਟੀ. ਨੂੰ ਲਾਗੂ ਕਰਨ ਲਈ ਜੇਕਰ ਅਧਿਕਾਰੀਆਂ ਨੂੰ ਸਮੇਂ ਸਿਰ ਜਾਣਕਾਰੀ ਮਿਲ ਜਾਵੇ ਤਾਂ ਇਸ ਨਾਲ ਜੀ.ਐਸ.ਟੀ. ਪ੍ਰਤੀ ਨਾ ਕੇਵਲ ਉਹਨਾਂ ਦਾ ਵਿਸ਼ਵਾਸ਼ ਵਧਦਾ ਹੈ ਬਲਕਿ ਜਾਗਰੂਕਤਾ ਫੈਲਾਉਣ 'ਚ ਵੀ ਇਹ ਇੱਕ ਪਲੇਟ ਫਾਰਮ ਦਾ ਕੰਮ ਕਰਦੀ ਹੈ।
ਜਦ ਕਿ ਪਟਿਆਲਾ ਚੈਪਟਰ ਆਫ ਕੌਸਟ ਅਕਾਊਟੈਂਟਸ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਜੀ.ਐਸ.ਟੀ. ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਵੱਡਾ ਟੈਕਸ ਸੁਧਾਰ ਹੈ। ਪ੍ਰੋਗਰੈਸਿਵ ਰੂਪ ਵਿੱਚ ਜੇਕਰ ਇਸ ਨੂੰ ਦੇਖਿਆ ਜਾਵੇ ਤਾਂ ਦੇਸ਼ ਨੂੰ ਇੱਕ ਟੈਕਸ ਸੂਤਰ ਵਿੱਚ ਬੰਨ੍ਹਣ ਲਈ ਅਤੇ ਵਪਾਰ ਨੂੰ ਆਸਾਨ ਬਣਾਉਣ ਵਿੱਚ ਇਸ ਦਾ ਵੱਡਾ ਯੋਗਦਾਨ ਹੋਵੇਗਾ ਇਸ ਨਾਲ ਗ੍ਰਾਹਕਾਂ ਨੂੰ ਚੀਜਾਂ ਸਸਤੀਆਂ ਮਿਲਣਗੀਆਂ ਅਤੇ ਇੰਡਸਟਰੀ ਵਿੱਚ ਮੁਕਾਬਲੇ ਦੀ ਭਾਵਨਾ ਵਧੇਗੀ।
ਇਸ ਮੌਕੇ ਮਾਹਿਰਾਂ ਨੇ ਜੀ.ਐਸ.ਟੀ. ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ ਅਤੇ ਕਈ ਤਰ੍ਹਾਂ ਦੀਆਂ ਗਲਤ ਫਹਿਮੀਆਂ ਵੀ ਦੂਰ ਕੀਤੀਆਂ। ਵਰਕਸ਼ਾਪ ਵਿਖੇ ਪੀ.ਸੀ.ਸੀ.ਏ. ਵੱਲੋਂ ਦੋ ਈ.ਮੇਲ ਆਈ.ਡੀ. gstquery@cmapatiala.in, cmagsthelpdesk@icmai.in ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਵਟਸ ਐਪ ਗਰੁੱਪ ਜੀ.ਐਸ.ਟੀ. ਹੈਲਪ ਨਾਮ ਤੋਂ ਵੀ ਸ਼ੁਰੂ ਕੀਤਾ ਗਿਆ ਹੈ। ਇਸ ਦਾ ਨੰਬਰ 96461-18831 ਹੈ। ਕੋਈ ਵੀ ਵਿਅਕਤੀ ਭਾਵੇਂ ਉਹ ਇੰਡਸਟਰੀ ਤੋਂ ਹੈ ਜਾਂ ਸਰਕਾਰੀ ਵਿਭਾਗ 'ਚ ਕਰਮਚਾਰੀ ਹੈ ਉਹ ਇਸ ਨੰਬਰ ਅਤੇ ਈ.ਮੇਲ. ਆਈ. 'ਤੇ ਜੀ.ਐਸ.ਟੀ. ਬਾਰੇ ਸਵਾਲ ਭੇਜ ਕੇ ਜਾਣਕਾਰੀ ਲੈ ਸਕਦਾ ਹੈ।