ਜੀ ਐਸ ਪੰਨੂ
ਪਟਿਆਲਾ, 28 ਜੂਨ, 2017 : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਮਹਾਰਾਣੀ ਪਰਨੀਤ ਕੌਰ ਦੇ ਨਾਲ ਜ਼ਿਲ੍ਹੇ 'ਚ ਅੰਤਰਜਾਤੀ ਵਿਆਹ ਕਰਵਾਉਣ ਵਾਲੇ 20 ਜੋੜੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਹਨ।
ਇਸ ਮੌਕੇ ਅਨੁਸੂਚਿਤ ਜਾਤੀਆਂ ਪਛੜੀਆਂ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੀ ਭਲਾਈ ਲਈ ਵਿਸੇਸ ਉਧਮ ਤਹਿਤ ਸਿਵਲ ਅਧਿਕਾਰਾਂ ਦੀ ਸੁਰੱਖਿਆਂ ਐਕਟ, 1955 ਅਧੀਨ ਛੂਆ ਛੂਤ ਦੀ ਲਾਹਨਤ ਨੂੰ ਜੋੜੋਂ ਪੁੱਟਣ ਲਈ ਆਯੋਜਿਤ ਕੀਤੇ ਗਏ ਸੈਮੀਨਾਰ ਵਿੱਚ ਭਲਾਈ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਾਲੀ ਪੰਜਾਬ ਸਰਕਾਰ ਨੇ ਪਹਿਲੇ ਤਿੰਨ ਮਹੀਨਿਆਂ ਚ ਰਾਜ ਦੇ ਵਿਕਾਸ ਲਈ ਜੋ ਕੁਝ ਕੀਤਾ ਹੈ ਉਹ ਦੇਸ਼ ਦਾ ਕੋਈ ਵੀ ਮੁੱਖ ਮੰਤਰੀ ਨਹੀਂ ਕਰ ਸਕੀਆ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨਾਂ ਤਾਂ ਲੱਖ ਦੋ ਲੱਖ ਦੇ ਚੈਕ ਵੰਡ ਕੇ ਚਲਦੀਆਂ ਹਨ ਨਾਂ ਹੀ ਮੁੱਖ ਮੰਤਰੀ ਦੇ ਖੇਤਾਂ ਦੇ ਵੱਟਾਂ ਤੇ ਘੁੰਮਣ ਨਾਲ ਚਲਦੀਆਂ ਹਨ।
ਸ੍ਰੀ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਸਕਤਰੇਤ ਵਿਖੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਯੋਜਨਾਬੰਦੀ ਨਾਲ ਖੋਰੂ-ਖੋਰੂ ਹੋ ਚੁੱਕੀ ਰਾਜ ਦੀ ਸਥਿਤੀ ਨੂੰ ਸਹੀ ਕਰਦੇ ਹੋਏ ਉਸ ਨੂੰ ਸਹੀ ਰਾਹ ਤੇ ਪਾ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੇ ਕੁੱਲ ਸਾਢੇ ਨੌ ਹਜ਼ਾਰ ਕਰੋੜ ਦੇ ਕਰਜ਼ੇ ਚੋਂ ਪੰਦਰਾਂ ਸੌ ਕਰੋੜ ਦੀ ਪਹਿਲੀ ਕਿਸ਼ਤ ਦਿੱਤੀ ਗਈ ਹੈ, ਬਕਾਇਆ ਵੀ ਪੰਜਾਬ ਸਰਕਾਰ ਹੀ ਦੇਵੇਗੀ। ਉਹਨਾਂ ਕਿਹਾ ਕਿ ਕਿਸਾਨ ਹੁਣ ਪੂਰੀ ਤਰ੍ਹਾਂ ਨਾਲ ਕਰਜ਼ਾ ਮੁਕਤ ਹਨ। ਉਹਨਾਂ ਨੂੰ ਕਰਜ਼ੇ ਬਾਰੇ ਸੋਚਣ ਦੀ ਲੋੜ ਨਹੀਂ ਹੈ।
ਸ੍ਰੀ ਧਰਮਸੋਤ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਅਨੁਸੂਚਿਤ ਜਾਤੀਆਂ ਪਛੜੀ ਸ੍ਰੇਣੀਆਂ ਅਤੇ ਘੱਟ ਗਿਣਤੀ ਵਰਗ ਲਈ ਦਿੱਲੀ ਤੋਂ ਆਏ ਪੈਸੇ ਨੂੰ ਖੁਰਦ-ਬੁਰਦ ਕੀਤਾ ਹੈ ਇਸੇ ਤਰ੍ਹਾਂ ਐਸ.ਸੀ/ ਬੀ.ਸੀ ਬੱਚਿਆਂ ਦੇ ਵਜ਼ੀਫੇ ਲਈ ਆਏ ਪੈਸੇ ਨੂੰ ਵੀ ਕੁਝ ਲੋਕ ਇਧਰ ਉਧਰ ਕਰ ਗਏ ਹਨ। ਉਹਨਾਂ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਹੋਵੇਗੀ ਅਤੇ ਐਫ.ਆਈ.ਆਰ ਦਰਜ਼ ਕਰਵਾਈ ਜਾਵੇਗੀ।
ਸੈਮੀਨਾਰ ਨੂੰ ਸਬੋਧਿਤ ਕਰਦਿਆਂ ਸ੍ਰੀ ਧਰਮਸੋਤ ਨੇ ਸਿਵਲ ਅਧਿਕਾਰਾਂ ਦੀ ਸੁਰੱਖਿਆ ਐਕਟ, 1955 ਦੀ ਰੌਸਨੀ ਵਿੱਚਕਿਹਾ ਕਿ ਛੂਆ-ਛਾਤ ਦੀ ਬੀਮਾਰੀ ਨੂੰ ਸਮਾਜ ਵਿਚੋਂ ਖਤਮ ਕਰਨਾ ਹੈ। ਅਜਿਹੇ ਸੈਮੀਨਾਰ ਪੰਜਾਬ ਰਾਜ ਅੰਦਰ ਜਿਲ੍ਹਾ ਪੱਧਰ ਤੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਭਲਾਈ ਵਿਭਾਗ ਜੋ ਕਿ ਗਰੀਬ, ਅਨੁਸੂਚਿਤ ਜਾਤੀ, ਪੱਛੜੇ ਅਤੇ ਘੱਟ ਗਿਣਤੀ ਬੇਸਹਾਰਾ ਲੋਕਾਂ ਦੀ ਭਲਾਈ ਦਾ ਵਿਭਾਗ ਹੈ। ਇਸ ਵਿਭਾਗ ਵਲੋਂ ਜਿਲ੍ਹਾ ਪਟਿਆਲਾ ਅੰਦਰ ਵੱਖ-ਵੱਖ ਭਲਾਈ ਸਕੀਮਾਂ ਤਹਿਤ 74819 ਲਾਭਪਾਤਰੀਆ ਨੂੰ 449.75 ਲੱਖ ਰੁਪਏ ਦੀ ਰਾਸੀ ਦਾ ਲਾਭ ਦਿੱਤਾ ਗਿਆ ਹੈ। ਅੱਜ ਦੇ ਮੌਕੇ 20 ਅੰਤਰਜਾਤੀ ਵਿਆਹੇ ਜੋੜਿਆਂ ਨੂੰ 10.00 ਲੱਖ ਰੁਪਏ ਦੀ ਰਾਸੀ ਤਕਸੀਮ ਕੀਤੀ ਗਈ। ਅਤੇ 80 ਸਿਖਿਆਰਥਣਾਂ ਨੂੰ ਸਿਲਾਈ-ਕਢਾਈ ਦੀ ਟ੍ਰੇਨਿੰਗ ਮੁਕੰਮਲ ਕਰਨ ਉਪਰੰਤ ਸਰਟੀਫਿਕੇਟ ਵੰਡੇ ਗਏ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਨੇ ਸਗਨ ਸਕੀਮ ਨੂੰ ਹੁਣ ਆਸੀਰਵਾਦ ਸਕੀਮ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਜਿਲ੍ਹੇ ਵਿੱਚ ਚਲਾਈ ਜਾ ਰਹੀ ਸਟ੍ਰੈਨੋਗ੍ਰਾਫੀ ਸਿਖਲਾਈ ਸੰਸਥਾ ਵਿੱਚ 25 ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋੋ ਟ੍ਰੇਨਿੰਗ ਉਪਰੰਤ ਉਹ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆ/ਬੋਰਡਾਂ ਵਿੱਚ ਰੋਜਗਾਰ ਹਾਸਲ ਕਰ ਸਕਣ। ਟ੍ਰੇਨਿੰਗ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ 1500/ ਰੁਪਏ ਪ੍ਰਤੀ ਮਹੀਨਾ ਵਜੀਫਾ ਵੀ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕੈਬਨਿਟ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਸਰਕਾਰੀ ਪ੍ਰੈਸ ਦਾ ਦੌਰਾ ਕਰਕੇ ਹਾਲਾਤ ਦਾ ਜਾਇਜਾ ਲਿਆ।
ਇਸ ਮੌਕੇ ਉਹਨਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਸ੍ਰੀ ਹਨੀ ਸੇਖੋਂ, ਮਹੰਤ ਸ੍ਰੀ ਹਰਵਿੰਦਰ ਖਨੌੜਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਪੀ.ਕੇ ਪੁਰੀ, ਜ਼ਿਲ੍ਹਾ ਪ੍ਰਸ਼ਿਦ ਦੀ ਸਾਬਕਾ ਚੇਅਰ ਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਬਲਾਕ ਪ੍ਰਧਾਨ ਸ੍ਰੀ ਨਰੇਸ਼ ਦੁੱਗਲ, ਸ੍ਰੀ ਸੁਰਿੰਦਰਜੀਤ ਸਿੰਘ ਵਾਲੀਆ, ਸ੍ਰੀ ਅਮਰਜੀਤ ਸ਼ਰਮਾ, ਸ੍ਰੀ ਅਸ਼ੋਕ ਖੰਨਾ ਤੋਂ ਇਲਾਵਾ ਸਮਾਜ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਪਰਮਿੰਦਰ ਸਿੰਘ ਗਿੱਲ ਅਤੇ ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਗੁਰਿੰਦਰਜੀਤ ਸਿੰਘ ਧਾਲੀਵਾਲ ਵੀ ਮੌਜੂਦ ਸਨ।