ਬ੍ਰਹਮ ਮਹਿੰਦਰਾ ਰਾਜ ਪੱਧਰੀ ਸਮਾਗਮ ਭਾਸ਼ਣ ਦਿੰਦੇ ਹੋਏ।
ਜੀ ਐਸ ਪੰਨੂ
ਪਟਿਆਲਾ, 26 ਜੂਨ, 2017 : ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਨਸ਼ਿਆਂ ਕਾਰਨ ਪੰਜਾਬ ਦੇ ਹੋਏ ਨੁਕਸਾਨ, ਨਸ਼ਿਆਂ ਦੇ ਨਾਜੁਕ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਫੈਲੀ ਸਮਾਜਿਕ ਅਰਾਜਕਤਾ ਲਈ ਪਿਛਲੀ ਸਰਕਾਰ ਪੂਰੀ ਤਰਾਂ ਜਿੰਮੇਵਾਰ ਹੈ। ਸਿਹਤ ਮੰਤਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਸਿਹਤ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਰੇ ਦੇਸ਼ ਲਈ ਅਨਾਜ ਪੈਦਾ ਕਰਨ ਅਤੇ ਦੇਸ਼ ਦੀ ਖੜਗ ਭੁਜਾ ਵਜੋਂ ਜਾਣਿਆ ਜਾਂਦਾ ਪੰਜਾਬ ਨਸ਼ਿਆਂ ਕਾਰਨ ਤਬਾਹੀ ਦੇ ਕੰਢੇ ਪੁਜ ਗਿਆ ਸੀ। ਪਰ ਜੇ ਪਿਛਲੀ ਸਰਕਾਰ ਸੱਚੇ ਮਨੋ ਠੋਸ ਕਦਮ ਚੁਕਦੀ ਤਾਂ ਇਹਨਾਂ ਮਾੜੇ ਹਾਲਾਤ ਤੋਂ ਬਚਿਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਸਾਡੀ ਨੌਜਵਾਨ ਦਾ ਇੱਕ ਹਿੱਸਾ ਇਸ ਬੁਰਾਈ ਦੀ ਗ੍ਰਿਫਤ ਵਿੱਚ ਆਉਣ ਕਾਰਨ ਸਾਰਾ ਸਮਾਜਿਕ ਤਾਣਾ ਬਾਣਾ ਉਲਝ ਕੇ ਰਹਿ ਗਿਆ, ਕਈ ਪਰਿਵਾਰ ਉਜੜ ਗਏ। ਉਹਨਾਂ ਕਿਹਾ ਕਿ ਨਸ਼ਿਆ ਕਾਰਨ ਜਿਥੇ ਅਨੇਕਾਂ ਮਾਵਾਂ ਪੁੱਤਾਂ ਤੋਂ ਵਿਰਵਿਆਂ ਹੋ ਗਈਆ, ਪਿਤਾ ਨੂੰ ਆਪਣੇ ਪੁੱਤਰ ਦੀ ਅਰਥੀ ਨੂੰ ਮੋਢਾ ਦੇਣ ਪਿਆ ਉਥੇ ਸਾਡੀਆਂ ਧੀਆਂ ਭੈਣਾ ਥੋੜੀ ਉਮਰ ਵਿੱਚ ਹੀ ਵਿਧਵਾ ਹੋਣ ਲੱਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਗਠਨ ਤੋਂ ਪਹਿਲਾਂ ਇਹ ਸਹੁੰ ਖਾਧੀ ਸੀ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲੈਣਗੇ। ਉਹਨਾਂ ਕਿਹਾ ਕਿ ਸਰਕਾਰ ਬਣਨ ਸਾਰ ਹੀ ਮੁੱਖ ਮੰਤਰੀ ਵੱਲੋਂ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਜਿਸ ਨੇ ਕੁਝ ਸਮੇਂ ਵਿੱਚ ਹੀ ਪੰਜਾਬ ਵਿੱਚ ਹੈਰੋਇਨ ਤੇ ਸਮੈਕ ਵਰਗੇ ਘਾਤਕ ਨਸ਼ਿਆਂ ਦੀ ਸਪਲਾਈ ਲਾਈਨ ਦਾ ਲੱਕ ਤੋੜ ਦਿੱਤਾ। ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਨਸ਼ੇ ਇੱਕ ਜੰਗਲ ਦੀ ਅੱਗ ਵਾਂਗ ਹਨ ਜੇ ਇਹਨਾਂ ਨੂੰ ਨੱਥ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਸਾਰੀ ਨੌਜਵਾਨ ਪੀੜੀ ਨੂੰ ਆਪਣੀ ਗ੍ਰਿਫਤ ਵਿੱਚ ਲੈ ਲੈਣਗੇ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਪੈਦਾ ਹੋਣ ਨਾਲ ਜਿਥੇ ਜੁਰਮ ਦੀ ਦਰ ਵਿੱਚ ਵਾਧਾ ਹੋਵੇਗਾ ਉਥੇ ਹੀ ਕਈ ਸਮਾਜਿਕ ਬੁਰਾਈਆਂ ਵੀ ਜਨਮ ਲੈਣਗੀਆਂ।
ਉਹਨਾਂ ਦੱਸਿਆ ਕਿ ਸਾਲ 2016 ਵਿੱਚ 1 ਲੱਖ 49 ਹਜਾਰ 409 ਵਿਅਕਤੀ ਹਸਪਤਾਲਾਂ ਦੀ ਓ.ਪੀ.ਡੀ. ਵਿੱਚ ਨਸ਼ਿਆਂ ਦਾ ਇਲਾਜ ਕਰਾਉਣ ਲਈ ਆਏ ਸਨ ਪਰ ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਤੋੜਨ ਕਾਰਨ ਅਪ੍ਰੈਲ ਤੇ ਮਈ 2017 ਦੌਰਾਨ 2 ਮਹੀਨਿਆਂ ਵਿੱਚ ਹੀ ਓ.ਪੀ.ਡੀ. ਵਿੱਚ ਮਰੀਜਾਂ ਦੀ ਗਿਣਤੀ 27366 'ਤੇ ਪੁੱਜ ਗਈ ਹੈ ਜੋ ਕਿ 35 ਤੋਂ 40 ਫੀਸਦੀ ਦੇ ਕਰੀਬ ਵਾਧਾ ਹੈ।
ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਏ.ਡੀ.ਜੀ.ਪੀ. ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਥਾਪਿਤ ਕੀਤੀ ਐਸ.ਟੀ.ਐਫ. ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਦੇ ਨਾਲ-ਨਾਲ ਰਾਜ ਸਰਕਾਰ ਦੇ ਸਹਿਯੋਗ ਨਾਲ ਹਰੇਕ ਪਿੰਡ, ਗਲੀ ਤੇ ਮੁਹੱਲੇ ਵਿੱਚ ਆਨਰੇਰੀ ਤੌਰ 'ਤੇ ਡਰੱਗ ਐਬਜੂਜ਼ ਪਰਵੈਸ਼ਨ ਅਫ਼ਸਰ ਤਾਇਨਾਤ ਕੀਤੇ ਜਾਣਗੇ ਜੋ ਜਿਥੇ ਨਸ਼ਾ ਪੀੜਤਾਂ ਦੀ ਪਹਿਚਾਣ ਕਰਕ ਉਹਨਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਦਾਖਲ ਕਰਾਉਣਗੇ ਉਥੇ ਹੀ ਨਸ਼ਾ ਛੁੱਡ ਚੁੱਕੇ ਵਿਅਕਤੀਆਂ ਅਤੇ ਨਸ਼ੇ ਸਪਲਾਈ ਕਰਨ ਵਾਲਿਆਂ 'ਤੇ ਵੀ ਨਜਰ ਰੱਖਣਗੇ। ਉਹਨਾਂ ਦੱਸਿਆ ਕਿ ਰਾਜ ਦੇ 30 ਲੱਖ ਦੇ ਕਰੀਬ ਛੋਟੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 8 ਵੀਂ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਵਿੱਚੋਂ ਵਲੰਟੀਅਰ ਵੀ ਬਣਾਏ ਜਾਣਗੇ। ਜਿਹਨਾਂ ਨੂੰ ਵਿਸ਼ੇਸ਼ ਸਿਖਲਾਈ ਉਪਰੰਤ ਜਿਥੇ ਉਹ ਸਕੂਲਾਂ, ਕਾਲਜਾਂ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਗੇ ਉਥੇ ਹੀ ਬਡੀ ਗਰੁੱਪ ਤਹਿਤ ਆਪਣੇ ਨਾਲ ਦੇ ਦੋਸਤਾਂ ਮਿੱਤਰਾਂ 'ਤੇ ਵੀ ਇਹ ਨਜ਼ਰ ਰੱਖਣਗੇ ਕਿ ਕਿਤੇ ਉਹ ਨਸ਼ਿਆਂ ਦੇ ਰਾਹ ਵੱਲ ਤਾਂ ਨੀ ਤੁਰ ਰਹੇ। ਐਸ.ਟੀ.ਐਫ. ਦੇ ਮੁਖੀ ਸ. ਸਿੱਧੂ ਨੇ ਕਿਹਾ ਕਿ ਨਸ਼ੇ ਇਕੱਲਾ ਪੰਜਾਬ ਦਾ ਮਾਮਲਾ ਨਹੀਂ ਇਹ ਇੱਕ ਕੌਮੀ ਸਮੱਸਿਆ ਹੈ ਅਤੇ ਸਾਡੇ ਦੇਸ਼ ਨੂੰ ਕਮਜੋਰ ਕਰਨ ਦੀ ਇੱਕ ਸਾਜਿਸ਼ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਖਤ ਆਦੇਸ਼ ਦਿੱਤੇ ਹਨ ਕਿ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਬੇਪਰਦ ਕੀਤਾ ਜਾਵੇ। ਸ. ਸਿੱਧੂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼, ਸੂਬੇ ਤੇ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਇਸ ਲੜਾਈ ਵਿੱਚ ਸਾਥ ਦੇਣ। ਉਹਨਾਂ ਦੱਸਿਆ ਕਿ ਐਸ.ਟੀ.ਐਫ. ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ 4500 ਦੇ ਕਰੀਬ ਪੁਲਿਸ ਕੇਸ ਦਰਜ਼ ਕੀਤੇ ਗਏ ਹਨ।
ਸਮਾਗਮ ਮੌਕੇ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਨਸ਼ਿਆਂ ਦੇ ਖਾਤਮੇ ਲਈ ਸਮਾਜ ਦੇ ਹਰੇਕ ਵਰਗ ਨੂੰ ਇਸ ਲੜਾਈ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਕਿਹਾ ਕਿ ਜੇ ਅਸੀ ਹਾਲੇ ਵੀ ਨਾ ਸੰਭਲੇ ਤਾ ਸਮਾਜ ਦਾ ਤਾਣਾ ਉਲਝ ਕੇ ਰਹਿ ਜਾਵੇਗਾ।
ਡਾਇਰੈਕਟਰ ਸਿਹਤ ਭਲਾਈ ਡਾਕਟਰ ਰਾਜੀਵ ਭੱਲਾ ਨੇ ਪੁੱਜੀਆਂ ਸਮੂਹ ਸਖਸ਼ੀਅਤਾਂ ਨੂੰ ਜੀ ਆਇਆ ਕਿਹਾ ਜਦ ਕਿ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮਨੋਰੋਗ ਵਿਭਾਗ ਦੇ ਮੁਖੀ ਡਾ. ਬੀ.ਐਸ. ਸਿੱਧੂ ਨੇ ਆਪਣੇ ਕੂੰਜੀਵਤ ਭਾਸ਼ਣ ਵਿੱਚ ਕਿਹਾ ਕਿ ਸ਼ਰਾਬ, ਤੰਬਾਕੂ ਤੇ ਸਿਗਰਟ ਭਿਆਨਕ ਨਸ਼ਿਆਂ ਵੱਲ ਜਾਣ ਦਾ ਇਕ ਰਾਹ ਹਨ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਨਜ਼ਰ ਰੱਖਣ ਕਿ ਕਿਤੇ ਉਹਨਾਂ ਦਾ ਕੋਈ ਦੋਸਤ ਨਸ਼ਿਆਂ ਦਾ ਆਦੀ ਤਾਂ ਨਹੀਂ ਅਤੇ ਉਹਨਾਂ ਕਿਹਾ ਕਿ ਨਸ਼ਿਆਂ ਦੇ ਆਦੀ ਵਿਅਕਤੀ ਨਾਲ ਨਫ਼ਰਤ ਦੀ ਬਜਾਏ ਉਸਦਾ ਇਲਾਜ ਕਰਾਓ। ਇਸ ਰਾਜ ਪੱਧਰੀ ਸਮਾਗਮ ਮੌਕੇ ਨਸ਼ਾਂ ਛੱਡ ਚੁੱਕੇ ਕਈ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਅੰਮ੍ਰਿਤ ਕਲਾ ਕੇਂਦਰ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ 'ਤੇ ਆਧਾਰਿਤ ਨਾਟਕ ਜਖਮੀ ਖੰਭਾਂ ਦੀ ਪਰਵਾਜ਼ ਪੇਸ਼ ਕੀਤਾ ਗਿਆ।
ਇਸ ਰਾਜ ਪੱਧਰੀ ਸਮਾਗਮ ਮੌਕੇ ਐਡੀਸ਼ਨਲ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ ਸ਼੍ਰੀ ਸੀ. ਨਿਵਾਸਨ, ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਐਸ.ਐਸ.ਪੀ. ਡਾ. ਐਸ. ਭੂਪਤੀ, ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ, ਸਿਵਲ ਸਰਜਨ ਡਾ. ਬਲਜਿੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਵੱਡੀ ਗਿਣਤੀ ਵਿੱਚ ਹੋਰ ਪਤਵੰਤੇ ਹੀ ਹਾਜਰ ਸਨ।
ਡਰਾਮੇ ਦੇ ਸੀਨ 'ਚ ਨਸ਼ੇ ਵਾਲੇ ਦੀ ਅਰਥੀ ਲੈ ਕੇ ਜਾਂਦੇ ਹੋਏ ਤੇ ਕਲਾਕਾਰ ਤੇ ਨਸ਼ਾ ਛੱਡਣ ਵਾਲਾ