ਚੰਡੀਗੜ੍ਹ, 22 ਜੂਨ, 2017 : ਪੰਜਾਬ ਕਾਂਗਰਸ ਦੇ ਵਿਧਾਨਕਾਰਾਂ ਨੇ ਅੱਜ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਵਿਚ ਹੁਲੜਬਾਜ਼ੀ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ 'ਆਪ' ਅਤੇ ਸ਼੍ਰੋਮਣੀ ਅਕਾਲੀ ਵਲੋਂ ਵਿਧਾਨ ਸਭਾ ਵਿਚ ਹੁਲੜਬਾਜ਼ੀ ਕਰਨ ਦੀ ਮੁਕਾਬਲੇਬਾਜ਼ੀ ਕੀਤੀ ਗਈ। ਕਾਂਗਰਸ ਵਿਧਾਨਕਾਰਾਂ ਨੇ ਕਿਹਾ ਕਿ ਆਪ ਅਤੇ ਸ੍ਰੋਮਣੀ ਅਕਾਲੀ ਦੇ ਵਿਧਾਇਕਾਂ ਨੇ ਜਿਸ ਤਰਾਂ ਨਾਲ ਅੱਜ ਵਿਧਾਨ ਸਭਾ ਦੇ ਅੰਦਰ ਸੁਰੱਖਿਆ ਕਰਮੀਆਂ ਖਾਸ ਕਰਕੇ ਮਹਿਲਾ ਸੁਰੱਖਿਆ ਕਰਮੀਆਂ ਨਾਲ ਦੁਰਵਿਵਹਾਰ ਕਰਕੇ ਸੁਰੱਖਿਆ ਘੇਰਾ ਤੋੜ ਕੇ ਸਪੀਕਰ 'ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ ਉਹ ਬਹੁਤ ਹੀ ਨਿੰਦਣਯੋਗ ਹੈ।
ਕਾਂਗਰਸੀ ਵਿਧਾਇਕਾਂ ਨੇ ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਵੱਲੋਂ ਸੱਟਾਂ ਲੱਗਣ ਦਾ ਡਰਾਮਾ ਕਰਨ ਵਾਲੇ 'ਆਪ' ਦੇ ਵਿਧਾਇਕਾਂ ਲਈ ਮਗਰਮੱਛ ਦੇ ਹੰਝੂ ਕੇਰਨ 'ਤੇ ਵੀ ਵਿਅੰਗ ਕੱਸਿਆ।
ਵਿਧਾਇਕਾਂ ਨੇ ਇੱਥੇ ਜਾਰੀ ਸਾਂਝੇ ਬਿਆਨ 'ਚ ਕਿਹਾ ਕਿ ਵਿਰੋਧੀ ਧਿਰ ਇਸ ਤੱਥ ਨੂੰ ਹਜਮ ਨਹੀਂ ਕਰ ਪਾਈਆਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਹੈ ਅਤੇ ਇਸ ਲਈ ਵਿਰੋਧੀ ਪਾਰਟੀਆਂ ਲੋਕਾਂ ਦਾ ਧਿਆਨ ਭਟਕਾਉਣ ਦੀ ਮੁਕਾਬਲੇਬਾਜੀ ਵਿੱਚ ਹੁਲੜਬਾਜ਼ੀ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਵਲੋਂ ਕਿਸਾਨਾਂ ਦੀ ਕਰਜਾ ਮੁਆਫੀ ਅਤੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਟੈਰਿਫ ਸਮੇਤ ਲਏ ਇਤਿਹਾਸਕ ਫੈਸਲਿਆਂ ਕਾਰਨ 'ਆਪ' ਅਤੇ ਅਕਾਲੀਆਂ 'ਚ ਨਿਰਾਸ਼ਾ ਦਾ ਆਲਮ ਹੈ ਅਤੇ ਹੁਣ ਉਹ ਸੁਰਖੀਆਂ ਬਟੋਰਨ ਲਈ ਹੱਦੋਂ ਵੱਧ ਡਿੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ 'ਆਪ' ਅਤੇ ਅਕਾਲੀਆਂ ਦਰਮਿਆਨ ਮੀਡੀਆ 'ਚ ਵਿਚ ਥਾਂ ਲੈਣ ਲਈ ਇਕ ਯੁੱਧ ਚੱਲ ਰਿਹਾ ਹੈ ਜਿਸ ਲਈ ਦੋਵੇਂ ਪਾਰਟੀਆਂ ਹਰ ਯੋਗ-ਅਯੋਗ ਢੰਗ ਦਾ ਸਹਾਰਾ ਲੈ ਰਹੀਆਂ ਹਨ।
ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਜੀਰਾ ਅਤੇ ਬਲਵਿੰਦਰ ਸਿੰਘ ਲਾਡੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਕਾਲੀਆਂ ਵਲੋਂ ਇਸ ਕਰਕੇ ਸਦਨ ਦੀ ਕਾਰਵਾਈ ਵਿਚ ਵਿਘਨ ਪਾਇਆ ਜਾ ਰਿਹਾ ਹੈ ਤਾਂ ਜੋ ਕੈਪਟਨ ਸਰਕਾਰ ਵਲੋਂ ਲਏ ਇਤਿਹਾਸਕ ਫੈਸਲਿਆਂ ਨੂੰ ਵਿਧਾਨ ਸਭਾ ਵਿਚ ਪਾਸ ਹੋਣ ਤੋਂ ਰੋਕਿਆ ਜਾਵੇ।
ਵਿਧਾਇਕਾਂ ਨੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਸਦਨ ਦੇ ਵਿਚ ਹੁਲੜਬਾਜੀ ਕਰਨ ਵਾਲੇ ਵਿਧਾਇਕਾਂ ਨੂੰ ਮਾਰਸ਼ਲਾਂ ਰਾਹੀਂ ਬਾਹਰ ਕੱਢਣ ਦੇ ਫੈਸਲੇ ਦੀ ਸਲਾਘਾ ਕੀਤੀ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਰਾਜਕਤਾ ਫੈਲਾਉਣ ਅਤੇ ਕਾਨੂੰਨ ਤੋੜਨ ਲਈ ਪਹਿਲਾਂ ਹੀ ਜਾਣਿਆ ਜਾਂਦਾ ਹੈ ਅਤੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਵੀ ਆਪਣੀ ਇਸ ਪ੍ਰਤਿਸ਼ਠਾ ਨੂੰ ਕਾਇਮ ਰੱਖਦਿਆਂ ਸਿਰਫ ਹੁਲੜਬਾਜ਼ੀ ਹੀ ਨਹੀਂ ਕੀਤੀ ਬਲਕਿ ਸਪੀਕਰ 'ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਵੀ ਕਰਦੇ ਰਹੇ।
ਕਾਂਗਰਸੀ ਨੇਤਾਵਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਵੱਲੋਂ ਸੱਟਾਂ ਲੱਗਣ ਦਾ ਡਰਾਮਾ ਕਰਕੇ ਹਸਪਤਾਲ ਵਿੱਚ ਦਾਖਲ ਹੋਏ 'ਆਪ' ਵਿਧਾਇਕਾਂ ਲਈ ਮਗਰਮੱਛੀ ਹੰਝੂ ਵਹਾਉਣ 'ਤੇ ਟਿੱਪਣੀ ਕਰਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਕਿਸ ਤਰਾਂ ਸਾਬਕਾ ਮੁੱਖ ਮੰਤਰੀ ਜਿਸ ਨੇ ਇੱਕ ਦਿਨ ਵੀ ਸਦਨ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਿਆ ਕੋਲ ਅਚਾਨਕ ਇਨਾਂ ਵਕਤ ਅਤੇ ਤਾਕਤ ਆ ਗਈ ਕਿ ਉਹ 'ਆਪ' ਵਿਧਾਇਕਾਂ ਦਾ ਪਤਾ ਲੈਣ ਲਈ ਹਸਪਤਾਲ ਪਹੁੰਚ ਗਏ।