ਫਾਈਲ ਫੋਟੋ
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 22 ਜੂਨ, 2017 : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਫਿਰੋਜ਼ਪੁਰ ਦੀ ਇਕ ਵਿਸ਼ੇਸ਼ ਇਕੱਤਰਤਾ ਜਥੇਬੰਦੀ ਦੇ ਜ਼ਿਲ੍ਹਾ ਮੁੱਖ ਪ੍ਰਧਾਨ ਸਤੀਸ਼ ਰਤਨਪਾਲ ਦੀ ਅਗਵਾਈ ਹੇਠ ਹੋਈ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਹੋਈ। ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਸ਼ੇਖੜਾ ਅਤੇ ਜ਼ਿਲ੍ਹਾ ਉਪ ਪ੍ਰਧਾਨ ਗੁਰਦੀਪ ਵਾਰਵਲ ਨੇ ਦੱਸਿਆ ਕਿ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਨੇ ਵਿਧਾਨ ਸਭਾ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਮਤਾ ਪੇਸ਼ ਕਰਕੇ ਆਉਂਦੇ ਨਵੇਂ ਸ਼ੈਸਨ ਤੋਂ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕਰਵਾਉਣ ਦੇ ਫੈਸਲੇ ਨੂੰ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਹਿੱਤ ਵਿਚ ਦੱਸਦਿਆਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਸਮੇਂ ਦੀਆਂ ਵੱਖ-ਵੱਖ ਪੰਜਾਬ ਸਰਕਾਰਾਂ ਤੋਂ ਮੰਗ ਉਠਾਈ ਜਾਂਦੀ ਰਹੀ ਹੈ ਕਿ ਪ੍ਰਾਇਮਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧੇਗੀ ਉਥੇ ਹੀ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰਦੇ ਈਜੀਐਸ. ਵਲੰਟੀਅਰਾਂ ਅਤੇ ਹੋਰ ਅਧਿਆਪਕਾਂ ਨੂੰ ਪੱਕਾ ਰੁਜ਼ਗਾਰ ਮਿਲੇਗਾ। ਮੀਟਿੰਗ ਦੌਰਾਨ ਫੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਅਗਲੇ ਸੈਸ਼ਨ ਦੀ ਥਾਂ 'ਤੇ ਇਸ ਮੌਜੂਦਾ 2017-18 ਸ਼ੈਸ਼ਨ ਤੋਂ ਹੀ ਸ਼ੁਰੂ ਕੀਤੀਆਂ ਜਾਣ ਅਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਹੋਰ ਭੱਖਦੀਆਂ ਮੰਗਾਂ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇ। ਇਸ ਮੌਕੇ ਸਤਨਾਮ ਚਾਂਦੀ ਵਾਲਾ, ਦਾਰਾ ਸਿੰਘ ਪਵਾਰ, ਦੀਪਾ ਸਿੰਘ, ਬਿੰਦਰ ਸਿੰਘ, ਪ੍ਰਿੰਤਪਾਲ ਸੰਧਾ, ਹਰਬੰਸ ਲਾਲ, ਪਰਵਿੰਦਰ ਸੋਢੀ, ਗੁਰਦੇਵ ਸਿੰਘ ਗੁਰੂਹਰਸਹਾਏ, ਹਰਮੇਸ਼ ਨਿਧਾਨਾ, ਯਸ਼ਪਾਲ ਕੰਬੋਜ਼ ਸ਼ੇਖੜਾ, ਸੁਰਜੀਤ ਸਿੰਘ, ਸੰਜੀਵ ਮੋਂਗਾ, ਪਰਮਜੀਤ ਪੰਮਾਂ, ਗੁਰਮੀਤ ਭਾਟਾ, ਬਲਵਿੰਦਰ ਸਫਰੀ, ਗੁਰਦਰਸ਼ਨ ਸੋਢੀ, ਪ੍ਰੇਮ ਪੰਜੇ ਕੇ ਆਦਿ ਅਧਿਆਪਕ ਹਾਜ਼ਰ ਸਨ।