ਚੰਡੀਗੜ੍ਹ, 22 ਜੂਨ, 2017 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੇ ਅਸੰਬਲੀ ਵਿਚ ਬਾਊਂਸਰਾਂ ਨੂੰ ਸਿੱਖ ਵਿਧਾਇਕਾਂ ਦੀਆਂ ਪੱਗਾਂ ਉਛਾਲਣ ਅਤੇ ਮਿੱਧਣ ਦਾ ਹੁਕਮ ਦੇ ਕੇ ਸਿੱਖ ਕੌਮ ਦਾ ਅਪਮਾਨ ਕੀਤਾ ਹੈ। ਪਾਰਟੀ ਨੇ ਇਹ ਵੀ ਕਿਹਾ ਕਿ ਸਪੀਕਰ ਨੇ ਇਹ ਅਫਸੋਸਨਾਕ ਹਰਕਤ ਮਹਿਜ਼ ਆਪਣੇ ਕਾਂਗਰਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕੀਤੀ ਹੈ। ਇਸ ਬਾਰੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਵਿਧਾਇਕਾਂ ਨੂੰ ਦਬਾਉਣ ਖਾਤਿਰ ਉਹਨਾਂ ਦੀਆਂ ਪੱਗਾਂ ਨੂੰ ਉਛਾਲਣ ਦਾ ਹੁਕਮ ਦੇਣ ਵਾਸਤੇ ਰਾਣਾ ਕੇਪੀ ਨੂੰ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਨਾਦਰਸ਼ਾਹ ਕੇਪੀ ਵਜੋਂ ਜਾਣਿਆ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸੀ ਸਪੀਕਰ ਉਸੇ ਪਾਰਟੀ ਨਾਲ ਸੰਬੰਧ ਰੱਖਦਾ ਹੈ, ਜਿਸ ਨੇ ਦਰਬਾਰ ਸਾਹਿਬ ਉੱਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਉਹ ਆਨੰਦਪੁਰ ਸਾਹਿਬ ਨਾਲ ਵੀ ਸੰਬੰਧ ਰੱਖਦਾ ਹੈ, ਜੋ ਕਿ ਖਾਲਸਾ ਦਾ ਜਨਮ ਸਥਾਨ ਹੈ। ਉਹਨਾਂ ਕਿਹਾ ਕਿ ਨਾਦਰਸ਼ਾਹ ਕੇਪੀ ਨੇ ਸਿੱਖ ਵਿਧਾਇਕਾਂ ਉੱਤੇ ਹਮਲਾ ਕਰਨ ਦੇ ਜੋਸ਼ ਵਿਚ ਉਸ ਪਵਿੱਤਰ ਧਰਤੀ ਦਾ ਵੀ ਅਪਮਾਨ ਕੀਤਾ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਡੀ ਦਸਤਾਰ ਦਿੱਤੀ ਸੀ। ਉਸ ਨੇ ਸਿੱਖ ਧਰਮ ਅਤੇ ਸੱਿਭਆਚਾਰ ਦੀ ਵੀ ਬੇਇੱਜ਼ਤੀ ਕੀਤੀ ਹੈ। ਅਸੀਂ ਇਸ ਸੰਬੰਧ ਵਿਚ ਉਸ ਦੇ ਖਿਲਾਫ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਾਵਾਂਗੇ ਅਤੇ ਉਸ ਵਿਰੁੱਧ ਮੋਰਚਾ ਲਾ ਕੇ ਉਸ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਕਰਾਂਗੇ। ਸਰਦਾਰ ਬਾਦਲ ਨੇ ਕਿਹਾ ਕਿ ਕਿੰਨੀ ਅਫਸੋਸਨਾਕ ਗੱਲ ਹੈ ਕਿ ਸਪੀਕਰ ਜਦੋਂ ਇਹ ਸਭ ਕਰਵਾ ਰਿਹਾ ਸੀ ਤਾਂ ਕਾਂਗਰਸੀ ਮੈਂਬਰ ਉਸ ਨੂੰ ਹੋਰ ਸਖ਼ਤੀ ਵਰਤਣ ਲਈ ਹੱਲਾਸ਼ੇਰੀ ਦੇ ਰਹੇ ਸਨ। ਉਹਨਾਂ ਕਿਹਾ ਕਿ ਦੋ ਸਿੱਖ ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ ਅਤੇ ਪੀਰਮੱਲ ਸਿੰਘ ਦੀ ਪੱਗਾਂ ਉਛਾਲਣ ਅਤੇ ਮਿੱਧਣ ਤੋਂ ਇਲਾਵਾ ਸਪੀਕਰ ਨੇ ਆਪਣੇ ਬਾਊਂਸਰਾਂ ਨੂੰ ਮਹਿਲਾ ਵਿਧਾਇਕਾਂ ਉਪਰ ਹਮਲਾ ਕਰਨ ਦਾ ਵੀ ਹੁਕਮ ਦਿੱਤਾ। ਨਤੀਜੇ ਵਜੋਂ ਦੋ ਵਿਧਾਇਕਾਂ ਬਿਲਾਸਪੁਰ ਅਤੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ ਅਤੇ ਬਾਕੀਆਂ ਨੂੰ ਵਿਧਾਨ ਸਭਾ ਵਿਚ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਉਹਨਾਂ ਕਿਹਾ ਕਿ ਵਿਧਾਨ ਸਭਾ ਅਸੰਬਲੀ ਦੇ ਇਤਿਹਾਸ ਵਿਚ ਇੱਕ ਸਪੀਕਰ ਦੁਆਰਾ ਇੰਨੀ ਬੇਰਹਿਮੀ ਨਾਲ ਹਿੰਸਾ ਕਰਨ ਵਾਲਾ ਹੁਕਮ ਪਹਿਲਾਂ ਕਦੇ ਵੀ ਨਹੀਂ ਦਿੱਤਾ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮਨਜੀਤ ਬਿਲਾਸਪੁਰ ਦੀ ਪੱਗ ਨੂੰ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੁੱਕਿਆ। ਉਹਨਾਂ ਕਿਹਾ ਕਿ ਜਦੋਂ ਉਹਨਾਂ ਦੀ ਅਗਵਾਈ ਵਿਚ ਅਕਾਲੀ-ਭਾਜਪਾ ਵਫਦ ਆਪ ਦੇ ਸੂਬਾ ਪ੍ਰਧਾਨ ਐਚ ਐਸ ਫੂਲਕਾ ਅਤੇ ਅਮਨ ਅਰੋੜਾ ਸਮੇਤ ਸੈਕਟਰ 16 ਦੇ ਸਰਕਾਰ ਹਸਪਤਾਲ ਵਿਚ ਉਹਨਾਂ ਨੂੰ ਮਿਲਣ ਗਿਆ ਤਦ ਇਹ ਪੱਗ ਆਪ ਵਿਧਾਇਕ ਨੁੰ ਵਾਪਸ ਸੌਂਪੀ ਗਈ। ਉਹਨਾਂ ਕਿਹਾ ਕਿ ਅਸੀਂ ਪੱਗ ਨੂੰ ਵਾਪਸ ਮਾਲਕ ਕੋਲ ਪਹੁੰਚਾਉਣ ਦਾ ਫਰਜ਼ ਨਿਭਾ ਦਿੱਤਾ ਹੈ। ਪਰ ਅਸੀਂ ਤਦ ਤਕ ਟਿਕ ਕੇ ਨਹੀਂ ਬੈਠਾਂਗੇ, ਜਦ ਤਕ ਇਹ ਸਭ ਕਰਵਾਉਣ ਵਾਲੇ ਸਪੀਕਰ ਨੂੰ ਕੁਰਸੀ ਤੋਂ ਨਹੀਂ ਉਤਾਰਿਆ ਜਾਂਦਾ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸਰਦਾਰ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਸੰਬਲੀ ਵਿਚੋਂ ਵਾਕ ਆਊਟ ਕਰਨ ਮਗਰੋਂ ਉਹ ਅਤੇ ਸ਼ਰਨਜੀਤ ਢਿੱਲੋਂ ਅੰਦੋਲਨ ਕਰ ਰਹੇ ਆਪ ਵਿਧਾਇਕਾਂ ਕੋਲ ਗਏ। ਪਾਣੀ ਪੀਣ ਮਗਰੋਂ ਜਿਉਂ ਹੀ ਉਹ ਅਸੰਬਲੀ ਵਿਚ ਪਰਤੇ ਤਾਂ ਵੇਖਿਆ ਕਿ ਆਪ ਵਿਧਾਇਕ ਮਨਜੀਤ ਬਿਲਾਸਪੁਰ ਨੂੰ ਬਾਊਂਸਰਾਂ ਵੱਲੋਂ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਸੀ। ਮੈਂ ਭੱਜ ਕੇ ਉਸ ਦੇ ਬਚਾਅ ਲਈ ਆਇਆ ਅਤੇ ਬਾਊਂਸਰਾਂ ਨੂੰ ਪਿੱਛੇ ਧੱਕਿਆ, ਪਰ ਮੈਂ ਉਸ ਦੀ ਪੱਗ ਡਿੱਗਣ ਤੋਂ ਨਹੀਂ ਬਚਾਅ ਸਕਿਆ। ਮੈਂ ਉਸ ਦੀ ਡਿੱਗੀ ਹੋਈ ਦਸਤਾਰ ਸੰਭਾਲੀ ਅਤੇ ਇਸ ਬੇਹੱਦ ਸੰਵੇਦਨਸ਼ੀਲ ਅਤੇ ਗੰਭੀਰ ਮੁੱਦੇ ਨੂੰ ਸਪੀਕਰ ਦੇ ਧਿਆਨ ਵਿਚ ਲਿਆਂਦਾ। ਅਸੀਂ ਕਿਹਾ ਕਿ ਦਸਤਾਰ ਸਿੱਖਾਂ ਦਾ ਮਾਣ ਹੁੰਦੀ ਹੈ ਅਤੇ ਉਮੀਦ ਕੀਤੀ ਕਿ ਸਪੀਕਰ ਇਹ ਸੰਬੰਧ ਵਿਚ ਕਾਰਵਾਈ ਕਰੇਗਾ। ਪਰ ਉਸ ਨੇ ਉਲਟਾ ਸਾਡਾ ਹੀ ਨਾਂ ਧਰ ਕੇ ਸਾਨੂੰ ਵਿਧਾਨ ਸਭਾ ਵਿਚੋਂ ਬਾਹਰ ਜਾਣ ਲਈ ਕਹਿ ਦਿੱਤਾ। ਇਸੇ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਾਦਰਸ਼ਾਹ ਸਪੀਕਰ ਰਾਣਾ ਕੇਪੀ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਇਹ ਹਿੰਸਾ ਕਰਵਾਈ ਹੈ। ਉਹ ਲਗਾਤਾਰ ਪਹਿਲਾਂ ਤੋਂ ਟਾਇਪ ਕੀਤੇ ਹੁਕਮ ਪੜ੍ਹ ਰਿਹਾ ਸੀ, ਜੋ ਇਸ਼ਾਰਾ ਕਰ ਰਹੇ ਸਨ ਕਿ ਕਾਂਗਰਸ ਨੇ ਵਿਰੋਧੀ ਧਿਰ ਨੂੰ ਖਦੇੜਣ ਦਾ ਮਨ ਬਣਾ ਲਿਆ ਹੈ ਤਾਂ ਕਿ ਬਜਟ ਉੱਤੇ ਬਹਿਸ ਦੌਰਾਨ ਕਾਂਗਰਸ ਸਰਕਾਰ ਦੀ ਪੋਲ੍ਹ ਨਾ ਖੋਲੀ ਜਾ ਸਕੇ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਸਰਕਾਰ ਦਾ ਪਰਦਾਫਾਸ਼ ਕਰ ਦਿਆਂਗੇ ਅਤੇ ਸਾਬਿਤ ਕਰ ਦਿਆਂਗੇ ਕਿ ਮਨਪ੍ਰੀਤ ਬਾਦਲ ਨੇ ਬਜਟ ਵਿਚ 15000 ਕਰੋੜ ਰੁਪਏ ਦੇ ਫਰਜ਼ੀ ਖਾਤੇ ਬਣਾਏ ਹਨ। ਇਹੀ ਕਾਰਣ ਹੈ ਕਿ ਸਪੀਕਰ ਨੇ ਅੱਜ ਅੱਤਿਆਚਾਰ ਢਾਹਿਆ।