ਫਾਈਲ ਫੋਟੋ
ਪਟਿਆਲਾ /ਲੂਧਿਆਣਾ, 20 ਜੂਨ, 2017 : (ਨਵੀਨ ਗੌਗਨਾ) : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ ਪਟਿਆਲਾ ਵਿਖੇ ਗੁਰਮਤਿ ਸਿਖਲਾਈ ਸਕੂਲ ਵਿਚ ਚੱਲ ਰਹੇ ਰਿਰਫ਼ਰੈਸ਼ਰ ਕੋਰਸ ਦੇ ਪੰਜਵੇਂ ਬੈਚ ਦੇ ਸਵਾਗਤੀ ਸਮਾਰੋਹ ਵਿਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਜੀ ਆਇਆ ਆਖਦਿਆਂ ਪੰਜਵੇ ਬੈਚ ਦੇ ਸਿਖਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਰਿਫਰੈਸ਼ਰ ਕੋਰਸ ਦਾ ਭਾਵ ਆਪਣੇ ਆਪ ਨੂੰ ਮੁੜ ਨਵਿਆਉਣਾ ਹੈ।ਗੁਰੂ ਘਰ ਵਿਚ ਸੇਵਾ ਕਰਨ ਵਾਲਾ ਹਰ ਸਿੱਖ ਪ੍ਰਚਾਰਕ ਹੈ। ਅਸੀਂ ਦਫਤਰਾਂ ਵਿਚ ਵੀ ਬੈਠ ਕੇ ਵੀ ਧਰਮ ਦਾ ਪ੍ਰਚਾਰ ਕਰ ਸਕਦੇ ਹਾਂ। ਸਾਡੀ ਬੋਲਬਾਣੀ, ਸਾਡਾ ਆਚਰਣ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ।ਸ਼੍ਰੋਮਣੀ ਕਮੇਟੀ ਦੀ ਨੌਕਰੀ ਦਾ ਭਾਵ ਕੇਵਲ ਪੈਸਾ ਕਮਾਉਣਾ ਨਹੀਂ ਹੈ।ਸਾਨੂੰ ਇਸ ਪੈਸੇ ਨੂੰ ਸਾਰਥਕ ਬਣਾਉਣ ਲਈ ਗੁਰਮਤਿ ਅਨੁਸਾਰੀ ਹੋਣਾ ਚਾਹੀਦਾ ਹੈ।ਸਾਡੀ ਸੰਸਾਰ ਤੇ ਪਛਾਣ ਸਾਡੇ ਜੀਵਨ ਕਰਕੇ ਹੈ। ਗੁਰਬਾਣੀ ਵਿਚ ਸੱਚੇ ਜੀਵਨ ਨੂੰ ਬਹੁਤ ਸਲਾਹਿਆ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਂ ਬੰਡੂਗਰ ਨੇ ਆਪਣੇ ਸੰਬੋਧਨ ਵਿਚ ਰਿਫਰੈਸ਼ਰ ਕੋਰਸ ਦੀ ਕਾਰਜਗੁਜ਼ਾਰੀ ਉਪਰ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਇਸ ਕੋਰਸ ਦਾ ਬੜਾ ਹਾਂ ਪੱਖੀ ਹੁੰਗਾਰਾ ਸੁਣਨ ਨੂੰ ਮਿਲਿਆ ਹੈ। ਇਹ ਅਜਿਹਾ ਪਲੇਟਫਾਰਮ ਹੈ ਜੋ ਨਾ ਕੇਵਲ ਗੁਰਬਾਣੀ ਦੇ ਸ਼ੁੱਧ ਉਚਾਰਨ ਵਿਚ ਪ੍ਰਪੱਕ ਕਰਦਾ ਹੈ ਸਗੋਂ ਸਿੱਖ ਇਤਿਹਾਸ ਅਤੇ ਰਹਿਤ ਮਰਯਾਦਾ ਬਾਰੇ ਵੀ ਜਾਣਕਾਰੀ ਦੇ ਰਿਹਾ ਹੈ।
ਸਾਡਾ ਘਰੇਲੂ ਜੀਵਨ ਗੁਰਮਤਿ ਅਨੁਸਾਰੀ ਹੋਵੇਗਾ ਤਾਂ ਹੀ ਅਸੀਂ ਸੰਸਾਰ ਨੂੰ ਕੁਝ ਦੱਸ ਸਕਦੇ ਹਾਂ। ਸਾਡੀ ਅਰਦਾਸ ਅਤੇ ਉਸਦਾ ਇਕ-ਇਕ ਬੋਲ ਸਾਡੇ ਹਿਰਦੇ ਨੂੰ ਟੁੰਬਦਾ ਹੈ। ਸਾਡਾ ਇਤਿਹਾਸ ਅਨਿਆਂ ਖਿਲਾਫ ਜੂਝ ਮਰਨ ਦਾ ਚਾਅ ਪੈਦਾ ਕਰਦਾ ਹੈ। ਸਾਡਾ ਬੋਧਿਕ ਅਤੇ ਆਤਮਿਕ ਵਿਕਾਸ ਕਰਦਾ ਹੈ। ਭਰੂਣ ਹੱਤਿਆ ਅਤੇ ਹੋਰ ਸਮਾਜਿਕ ਕੁਰੀਤੀਆਂ ਖਿਲਾਫ਼ ਲਾਮਬੰਦ ਹੋਣ ਲਈ ਪ੍ਰੇਰਦਾ ਹੈ।
ਪ੍ਰੋਂ ਬੰਡੂਗਰ ਨੇ ਕਿਹਾ ਕਿ ਗੁਰਮਤਿ ਸਿਖਲਾਈ ਲਗਾਉਣ ਦਾ ਮੁੱਖ ਮੰਤਵ ਗੁਰਦੁਆਰਿਆਂ, ਸਕੂਲਾਂ ਤੇ ਕਾਲਜਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਗੁਰਮਤਿ ਜਾਂਚ, ਰਹਿਣੀ-ਸਹਿਣੀ ਅਤੇ ਭਾਸ਼ਾ ਤੋਂ ਇਲਾਵਾ ਕਾਰਜਸ਼ੈਲੀ ਵਿਚ ਹੋਰ ਨਿਖਾਰ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਅੰਤ ‘ਚ ਇੰਸਟੀਚਿਊਟ ਦੇ ਡਾਇਰੈਕਟਰ ਡਾ. ਗੁਰਵੀਰ ਸਿੰਘ ਨੇ ਆਪਣੇ ਧੰਨਵਾਦੀ ਸੰਬੋਧਨ ਵਿਚ ਆਖਿਆ ਕਿ ਇਸ ਕੋਰਸ ਵਿਚ ਰਾਗੀ ਸਿੰਘ, ਢਾਡੀ ਸਿੰਘ, ਕਵੀਸ਼ਰ ਸਿੰਘ, ਪ੍ਰਚਾਰਕ ਸਿੰਘ, ਗ੍ਰੰਥੀ ਸਿੰਘ ਤੇ ਦਫ਼ਤਰੀ ਮੁਲਾਜ਼ਮ ਸਿਖਿਆ ਪ੍ਰਾਪਤ ਕਰ ਰਹੇ ਹਨ। ਇਸ ਕੋਰਸ ਦਾ ਮੰਤਵ ਸਮੂਹ ਕਮੇਟੀ ਮੁਲਾਜ਼ਮਾਂ ਅੰਦਰ ਸਿੱਖੀ ਜਜ਼ਬਾ ਤੇ ਸੇਵਾ ਭਾਵਨਾ ਨੂੰ ਭਰਕੇ ਇਕਸਾਰਤਾ ਤੇ ਇਕਸੁਰਤਾ ਨੂੰ ਸਥਾਪਤ ਕਰਨਾ ਹੈ। ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਗੁਰਪ੍ਰੀਤ ਸਿੰਘ ਝੱਬਰ, ਜਥੇਦਾਰ ਲਾਭ ਸਿੰਘ ਦੇਵੀਨਗਰ, ਜਥੇਦਾਰ ਰਵਿੰਦਰ ਸਿੰਘ ਖ਼ਾਲਸਾ ਹਲਕਾ ਅਮਲੋਹ, ਜਥੇਦਾਰ ਰਾਮਪਾਲ ਸਿੰਘ ਬੈਨੀਪਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡਾ. ਗੁਰਵੀਰ ਸਿੰਘ, ਨਿੱਜੀ ਸਹਾਇਕ ਭਗਵੰਤ ਸਿੰਘ, ਸਵਰਨ ਸਿੰਘ ਚਨਾਰਥਲ, ਮੈਨੇਜਰ ਰਣਜੀਤ ਸਿੰਘ ਗਾਜ਼ੀਪੁਰ, ਸਾਬਕਾ ਮੈਂਬਰ ਰਘਬੀਰ ਸਿੰਘ, ਭਾਈ ਗੋਬਿੰਦ ਸਿੰਘ ਲੋਂਗੋਵਾਲ, ਡਾ. ਜੋਗੇਸ਼ਵਰ ਸਿੰਘ ਹਾਜ਼ਰ ਸਨ।