ਜੀ ਐਸ ਪੰਨੂ
ਪਟਿਆਲਾ, 12 ਜੂਨ, 2017 : ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਦਿੱਤੇ ਸੱਦੇ ਨੂੰ ਲਾਗੂ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਦੇ ਅੱਗੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨਾਂ ਨੇ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਡੀ. ਸੀ. ਪਟਿਆਲਾ ਨੂੰ ਮੰਗ ਪੱਤਰ ਦਿੱਤੇ।
ਇਕ ਮੰਗ ਪੱਤਰ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਂ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਕਿ ਪਿਛਲੇ ਦਿਨੀਂ ਮੱਧ ਪ੍ਰਦੇਸ਼ ਦੀ ਪੀੜਤ ਕਿਸਾਨੀ ਵਲੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੌਰਾਨ ਉਥੋਂ ਦੀ ਪੁਲਿਸ ਵਲੋਂ ਕੀਤੀ ਅੰਨੇਵਾਹ ਫਾਇਰਿੰਗ ਦੌਰਾਨ 6 ਕਿਸਾਨਾਂ ਦੀ ਹੋਈ ਮੌਤ ਅਤੇ ਸੈਂਕੜੇ ਕਿਸਾਨਾਂ ਦੇ ਜ਼ਖ਼ਮੀ ਹੋਣ ਕਾਰਨ ਰਾਜ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਵੇ, ਗੋਲੀ ਦਾ ਹੁਕਮ ਦੇਣ ਵਾਲੇ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਕਰਮਚਾਰੀਆਂ 'ਤੇ ਕਤਲ ਦੇ ਮੁਕੱਦਮੇ ਦਰਜ ਕੀਤੇ ਜਾਣ ਅਤੇ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀਆਂ ਸਮੁੱਚੀਆਂ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ।
ਦੂਜਾ ਮੰਗ ਪੱਤਰ ਜੋ ਮੁੱਖ ਮੰਤਰੀ ਪੰਜਾਬ ਦੇ ਨਾਂ ਦਿੱਤਾ ਗਿਆ, ਰਾਹੀਂ ਮੰਗ ਕੀਤੀ ਕਿ ਸਰਕਾਰ ਆਪਣੇ ਕੀਤੇ ਚੋਣ ਵਾਅਦੇ ਮੁਤਾਬਕ ਕਰਜ਼ਾ ਮੋੜਨ ਤੋਂ ਅਸਮਰਥ ਕਿਸਾਨਾਂ ਦਾ ਹਰ ਤਰਾਂ ਦਾ ਕਰਜ਼ਾ ਮੁਆਫ਼ ਕਰੇ। ਕਰਜ਼ੇ ਦੇਣ ਸਮੇਂ ਕਿਸਾਨਾਂ ਤੋਂ ਲਏ ਜਾਂਦੇ ਖਾਲੀ ਚੈਕਾਂ ਦੀ ਪ੍ਰਥਾ ਬੰਦ ਕੀਤੀ ਜਾਵੇ। ਖਾਲੀ ਚੈਕਾਂ ਕਾਰਨਾਂ ਕਿਸਾਨਾਂ 'ਤੇ ਬਣਾਏ ਝੂਠੇ ਕੇਸ ਵਾਪਸ ਲਏ ਜਾਣੇ। ਕੋਆਪ੍ਰੇਟਿਵ ਐਕਟ ਦੀ ਧਾਰਾ 63 ਸੀ ਵਾਪਸ ਲਈ ਜਾਵੇ। ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਦਸ-ਦਸ ਲੱਖ ਮੁਆਵਜ਼ਾ ਅਤੇ ਇਕ ਵਾਰਸ਼ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ (ਅਨਪੜ ਤੇ ਪੜੇ ਲਿਖੇ) ਨੂੰ ਰੁਜ਼ਗਾਰ ਦਿੱਤਾ ਜਾਵੇ। ਹਰ ਤਰਾਂ ਦੇ ਮੁਜ਼ਾਰੇ ਅਤੇ ਅਬਾਦਕਾਰਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਦਿੱਤੇ ਜਾਣ ਅਤੇ ਹਰ ਤਰਾਂ ਦੇ ਅਵਾਰਾ ਪਸ਼ੂਆਂ ਦਾ ਕੋਈ ਸਥਾਈ ਹੱਲ ਕੀਤਾ ਜਾਵੇ।
ਧਰਨੇ ਨੂੰ ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ, ਰਾਮ ਸਿੰਘ ਮਟੋਰੜਾ ਸੂਬਾ ਖਜ਼ਾਨਚੀ, ਕਰਨੈਲ ਸਿੰਘ ਲੰਗ, ਹਰਭਜਨ ਸਿੰਘ ਬੁੱਟਰ ਜ਼ਿਲਾ ਮੀਤ ਪ੍ਰਧਾਨਾਂ, ਪ੍ਰੋ. ਬਾਵਾ ਸਿੰਘ, ਜੰਗ ਸਿੰਘ ਭਟੇੜੀ, ਸੁਖਵਿੰਦਰ ਸਿੰਘ ਤੁੱਲੇਵਾਲ, ਗੁਰਬਚਨ ਸਿੰਘ ਕਨਸੂਹਾ, ਹਰਵਿੰਦਰ ਸਿੰਘ ਅਗੇਤਾ, ਹਰਭਜਨ ਸਿੰਘ ਧੂੜ, ਮਨਜੀਤ ਸਿੰਘ ਮਹਿਮਦਪੁਰ, ਟੇਕ ਸਿੰਘ ਅਸਰਪੁਰ, ਅਵਤਾਰ ਸਿੰਘ ਕੌਰਜੀਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਨਿਰਮਲ ਸਿੰਘ ਲਚਕਾਣੀ ਜ਼ਿਲਾ ਪ੍ਰੈਸ ਸਕੱਤਰ, ਬਲਵੀਰ ਸਿੰਘ ਮਵੀ ਸੱਪਾਂ, ਨਿਸ਼ਾਨ ਸਿੰਘ ਜ਼ਿਲਾ ਜਥੇਬੰਦਕ ਸਕੱਤਰ ਅਤੇ ਹਰਨੇਕ ਸਿੰਘ ਜ਼ਿਲਾ ਪ੍ਰਧਾਨ ਫਤਿਹਗੜ ਸਾਹਿਬ ਨੇ ਵੀ ਸੰਬੋਧਨ ਕੀਤਾ। ਇਕ ਵਿਸ਼ੇਸ਼ ਮਤੇ ਰਾਹੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੇ ਪ੍ਰੈਧਾਨ ਗੁਰਮੀਤ ਸਿੰਘ ਮਹਿਮਾ 'ਤੇ ਡੀ. ਸੀ. ਫਿਰੋਜ਼ਪੁਰ ਦੀ ਹਾਜ਼ਰੀ ਵਿਚ ਪੁਲਿਸ ਵਲੋਂ ਕੀਤੇ ਅੰਨੇਵਾਹ ਤਸ਼ੱਦਦ ਦੀ ਨਿਖੇਧੀ ਕੀਤੀ ਗਈ।