ਜੀ ਐਸ ਪੰਨੂ
ਪਟਿਆਲਾ, 12 ਜੂਨ, 2017 : ਬੇਰੁਜਗਾਰ ਲਾਈਨਮੈਨ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਪਿਰਮਲ ਸਿੰਘ ਆਪ ਐਮਐਲਏ ਦੀ ਅਗਵਾਈ ਵਿੱਚ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਰਹਿੰਦੇ 4000 ਲਾਇਨਮੈਨ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਬਜਾਏ ਪੁਰਾਣੀ ਭਰਤੀ ਨੂੰ ਖਤਮ ਕਰਕੇ 1500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਸੀ।
ਧਰਨੇ ਨੂੰ ਸੰਬੋਧਨ ਕਰਦਿਆਂ ਪਿਰਮਲ ਸਿੰਘ ਨੇ ਕਿਹਾ ਕਿ ਮਿਤੀ 10 ਮਈ ਨੂੰ ਪਾਵਰਕਾਮ ਦੀ ਮੈਨੇਜਮੈਂਟ ਨਾਲ 1500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਨੂੰ ਵਧਾ ਕੇ 5000 ਕਰਵਾਉਣ ਤੇ ਉਮਰ ਹੱਦ 37 ਸਾਲ ਤੋਂ ਵਧਾ ਕੇ 45 ਸਾਲ ਕਰਨ ਦੀ ਮੰਗ ਰੱਖੀ ਗਈ ਸੀ। ਜਿਸ 'ਤੇ ਪਾਵਰਕਾਮ ਦੇ ਸੀ.ਐਮ.ਡੀ. ਵੀਨੂੰ ਪ੍ਰਸਾਦ ਨੇ ਇਨਾਂ ਦੋਨੋ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਹਾਮੀ ਭਰੀ ਸੀ ਤੇ ਇਸਦੇ ਹੱਲ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਕਰਨ ਲਈ ਇੱਕ ਮਹੀਨੇ ਦਾ ਸਮਾਂ ਲੱਗਣ ਦੀ ਗੱਲ ਕਹੀ ਸੀ ਜੋ ਕਿ 10 ਜੂਨ ਨੂੰ ਪੂਰਾ ਹੋ ਚੁਕਿਆ ਹੈ। ਧਰਨੇ ਦੇ ਦੌਰਾਨ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਦਖਲ ਦੇ ਕੇ ਜੱਥੇਬੰਦੀ ਦੀ ਮੀਟਿੰਗ ਪਾਵਰਕਾਮ ਦੇ ਏ.ਐਮ. ਸ੍ਰੀ ਆਰ.ਪੀ. ਪਾਂਡਵ ਨਾਲ ਕਰਵਾਈ ਗਈ।
ਮੀਟਿੰਗ ਵਿੱਚ ਪਾਂਡਵ ਨੇ ਵਿਸ਼ਵਾਸ਼ ਦਿਵਾਇਆ ਕਿ ਸਾਡੇ ਵੱਲੋਂ 1500 ਸਹਾਇਕ ਲਾਈਨਮੈਨਾਂ ਦੀਆਂ ਪੋਸਟਾਂ ਨੂੰ ਵਧਾ ਕੇ 5000 ਕਰਨ ਅਤੇ ਉਮਰ ਹੱਦ 37 ਸਾਲ ਤੋਂ ਵਧਾ ਕੇ 45 ਸਾਲ ਕਰਨ ਦੀ ਪ੍ਰਪੋਜਲ ਬਣਾ ਕੇ ਪੰਜਾਬ ਸਰਕਾਰ ਤੋਂ ਮਨਜੂਰੀ ਲਈ ਭੇਜੀ ਹੋਈ ਹੈ। ਜਿਸ ਨੂੰ ਲਗਭਗ ਇੱਕ ਮਹੀਨਾ ਹੋ ਚੁਕਿਆ ਹੈ ਤੇ ਅਸੀਂ ਹੁਣ ਫੇਰ ਤੋਂ ਪੰਜਾਬ ਸਰਕਾਰ ਤੋਂ ਜਲਦੀ ਮਨਜੂਰੀ ਲੈਣ ਲਈ ਇੱਕ ਯਾਦ ਪੱਤਰ ਲਿਖ ਕੇ ਪੰਜਾਬ ਸਰਕਾਰ ਨੂੰ ਭੇਜ ਰਹੇ ਹਾਂ।
ਯੂਨੀਅਨ ਦੇ ਸੂਬਾ ਸਕੱਤਰ ਭੋਲਾ ਸਿੰਘ ਗੱਗੜਪੁਰ ਅਤੇ ਮੀਤ ਪ੍ਰਧਾਨ ਸੋਮਾ ਸਿੰਘ ਭੜੋ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਜਲਦੀ ਹੀ ਰਹਿੰਦੇ 4000 ਲਾਈਨਮੈਨਾਂ ਨੂੰ ਰੁਜਗਾਰ ਦੇਣ ਦਾ ਕੋਈ ਠੋਸ ਹੱਲ ਨਾ ਕੱਢਿਆ ਤਾਂ ਜੱਥੇਬੰਦੀ ਇੱਕ ਵਾਰ ਫਿਰ ਤੋਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ (ਕਾਂਗਰਸ ਪਾਰਟੀ) ਦੀ ਸਰਕਾਰ ਬਣਦੀ ਹੈ ਤਾਂ ਹਰ ਘਰ ਵਿੱਚ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਨੌਕਰੀ ਲਈ ਨਿਰਧਾਰਤ ਉਮਰ ਹੱਦ ਵਿੱਚ ਵਾਧਾ ਕੀਤਾ ਜਾਵੇਗਾ। ਪਰ ਪਾਵਰਕਾਮ ਅੰਦਰ ਜੋ ਭਰਤੀ ਹੋ ਰਹੀ ਹੈ, ਉਹ ਇਸ ਤੋਂ ਬਿਲਕੁਲ ਉਲਟ ਹੈ, ਉਮਰ ਹੱਦ ਵਿੱਚ ਵਾਧਾ ਕਰਨ ਦੀ ਬਜਾਏ ਭਰਤੀ ਦੀ ਉਮਰ ਹੱਦ 39 ਸਾਲ ਤੋਂ ਘਟਾ ਕੇ 37 ਸਾਲ ਰੱਖੀ ਜਾ ਰਹੀ ਹੈ।
ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਸਾਹਿਬ ਹਰ ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਰਹਿੰਦੇ 4000 ਲਾਈਨਮੈਨ ਨੂੰ ਰੁਜਗਾਰ ਦੇ ਕੇ ਕਰਨ।