ਪਟਿਆਲਾ, 11 ਜੂਨ 2017: ਪੰਜਾਬੀ ਯੂਨੀਵਰਸਿਟੀ ਦੇ ਖਰਚਿਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਸ਼੍ਰੀ ਅਨੁਰਾਗ ਵਰਮਾ, ਸਕੱਤਰ ਉਚੇਰੀ ਸਿਖਿਆ ਅਤੇ ਕਾਰਜਕਾਰੀ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਦੇਸ਼ ਦਿੱਤਾ ਹੈ ਕਿ ਯੂਨੀਵਰਸਿਟੀ ਵੱਲੋਂ ਜਦ ਵੀ 1000/- ਰੁਪਏ ਤੋਂ ਵੱਧ ਕੋਈ ਖਰਚਾ ਕੀਤਾ ਜਾਂਦਾ ਹੈ ਤਾਂ ਉਸ ਦੀ ਵਿਸਥਾਰ-ਪੂਰਬਕ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਪਾਉਣੀ ਲਾਜ਼ਮੀ ਹੋਵੇਗੀ। ਸ਼੍ਰੀ ਵਰਮਾ ਨੇ ਕਿਹਾ ਕਿ ਯੂਨੀਵਰਸਿਟੀ ਵਿਦਿਆ ਦਾ ਮੰਦਰ ਹੈ ਪ੍ਰੰਤੂ ਜਦ ਤੋਂ ਉਹਨਾਂ ਨੇ ਇਥੇ ਚਾਰਜ ਲਿਆ ਹੈ ਤਾਂ ਉਹਨਾਂ ਨੇ ਪਾਇਆ ਹੈ ਕਿ ਵੱਖ-ਵੱਖ ਖਰੀਦਾਂ ਅਤੇ ਭਰਤੀਆਂ ਨੂੰ ਲੈ ਕੇ ਬਹੁਤ ਵਿਵਾਦ ਖੜੇ ਹਨ। ਸ਼੍ਰੀ ਵਰਮਾ ਨੇ ਕਿਹਾ ਕੇ ਖਰਚਾ ਕਰਨ ਸਮੇਂ ਜੇ ਖਰਚਾ ਕਰਨ ਵਾਲੇ ਨੂੰ ਪਤਾ ਹੋਵੇਗਾ ਕਿ ਉਸ ਵੱਲੋਂ ਕੀਤਾ ਖਰਚਾ ਤਰੁੰਤ ਪਬਲਿਕ ਡੋਮੇਨ ਵਿੱਚ ਆ ਜਾਣਾ ਹੈ ਤਾਂ ਕੋਈ ਵੀ ਗਲਤ ਜਾਂ ਬੇਲੋੜਾ ਖਰਚ ਕਰਨ ਤੋਂ ਝਿਜਕੇਗਾ। ਸ਼੍ਰੀ ਵਰਮਾ ਨੇ ਦੱਸਿਆ ਕਿ ਖਰਚਿਆ ਦੇ ਵੇਰਵੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ www.punjabiuniversity.ac.in/purchase 'ਤੇ ਜਾ ਕੇ ਵੇਖੇ ਜਾ ਸਕਦੇ ਹਨ।
ਸ਼੍ਰੀ ਵਰਮਾ ਨੇ ਦੱਸਿਆ ਕਿ ਉਹਨਾਂ ਨੇ ਇਸ ਮੰਤਵ ਲਈ ਢਾਂਚਾ ਬਣਾਉਣ ਲਈ ਤਿੰਨ ਮੈਬਰੀ ਕਮੇਟੀ ਬਣਾਈ ਸੀ। ਉਹਨਾ ਦੱਸਿਆ ਕਿ ਜੋ ਨਵਾਂ ਸਾਫਟਵੇਅਰ ਬਣਾਇਆ ਗਿਆ ਹੈ ਉਸ ਵਿਚ ਇਹ ਵਿਵਸਥਾ ਕਰ ਦਿੱਤੀ ਗਈ ਹੈ ਕਿ ਜਦ ਵੀ ਕੋਈ ਵਿਭਾਗ ਕੋਈ ਕੇਸ ਅਕਾਂਊਂਟ ਬ੍ਰਾਂਚ ਨੂੰ ਅਦਾਇਗੀ ਲਈ ਭੇਜੇ ਤਾਂ ਉਹ ਆਪਣੇ ਲੋਗਿੰਨ (Login) ਰਾਹੀਂ ਖਰਚੇ ਦੇ ਸਾਰੇ ਵੇਰਵੇ ਇਸ ਮੰਤਵ ਲਈ ਬਣਾਏ ਸਾਫਟਵੇਅਰ ਵਿੱਚ ਵਿਭਾਗ ਵੱਲੋਂ ਦਰਜ਼ ਕਰੇਗਾ। ਉਹਨਾਂ ਦੱਸਿਆ ਕਿ ਦਰਜ਼ ਕੀਤੇ ਜਾਣ ਵਾਲੇ ਵੇਰਵਿਆਂ ਵਿੱਚ ਖਰਚ ਕਰਨ ਵਾਲੇ ਵਿਭਾਗ ਦਾ ਨਾਮ, ਖਰੀਦੀ ਗਈ ਆਈਟਮ ਸਪੈਸੀਫਿਕੇਸ਼ਨ, ਬਜ਼ਟ ਹੈਡ, ਰੇਟ, ਗਿਣਤੀ, ਰਕਮ, ਅਦਾਇਗੀ ਕਿਸ ਨੂੰ ਕੀਤੀ ਗਈ, ਖਰੀਦ ਦੀ ਮਿਤੀ, ਚੈਕ ਨੰਬਰ ਅਤੇ ਚੈਕ ਦੀ ਮਿਤੀ ਦਰਜ਼ ਕਰਨਾ ਲਾਜ਼ਮੀ ਹੋਵੇਗਾ।
ਸ਼੍ਰੀ ਵਰਮਾ ਨੇ ਕਿਹਾ ਕਿ ਸਾਰੇ ਵਿਭਾਗ ਨੂੰ ਸਰਕੂਲਰ ਕੱਢ ਕੇ ਆਦੇਸ਼ ਦਿੱਤਾ ਗਿਆ ਹੈ ਕਿ ਮਿਤੀ 8-6-2017 ਤੋਂ ਅਕਾਂਊਂਟ ਬਰਾਂਚ ਵੱਲੋਂ ਕੋਈ ਅਜਿਹੇ ਬਿੱਲ ਦੀ ਅਦਾਇਗੀ ਨਹੀਂ ਕੀਤੀ ਜਾਵੇਗੀ, ਜਿਸ ਦੇ ਵੇਰਵੇ ਸਾਫਟਵੇਅਰ ਵਿੱਚ ਦਰਜ਼ ਨਾ ਕੀਤੇ ਹੋਣ। ਉਹਨਾਂ ਦੱਸਿਆ ਕਿ ਇਸ ਵਿੱਚ ਕੇਵਲ ਤਨਖਾਹਾਂ ਅਤੇ ਪ੍ਰੀਖਿਆ ਸ਼ਾਖਾ ਦੇ ਸੀਕਰੇਸੀ ਵਾਲੇ ਖਰਚਿਆਂ ਨੂੰ ਛੋਟ ਦਿੱਤੀ ਗਈ ਹੈ। ਸ਼੍ਰੀ ਵਰਮਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਖਰਚ ਵਿਦਿਆਰਥੀਆਂ ਤੋਂ ਪ੍ਰਾਪਤ ਹੋਈਆਂ ਫੀਸਾਂ, ਸਰਕਾਰ ਅਤੇ ਯੂ.ਜੀ.ਸੀ. ਤੋਂ ਪ੍ਰਪਤ ਗਰਾਂਟਾਂ ਤੋਂ ਚੱਲਦੇ ਹਨ। ਸ਼੍ਰੀ ਵਰਮਾ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਜਿਥੇ ਖਰਚਿਆਂ ਵਿੱਚ ਕਮੀ ਆਵੇਗੀ ਅਤੇ ਸ਼ਿਕਾਇਤ ਬਾਜੀ ਘਟੇਗੀ। ਉਥੇ ਹੀ ਫਾਲਤੂ ਖਰਚੇ ਬੰਦ ਹੋਣ ਕਾਰਨ ਯੂਨੀਵਰਸਿਟੀ ਦੀ ਆਰਥਿਕ ਸਥਿਤੀ ਵੀ ਮਜਬੂਤ ਹੋਵੇਗੀ।