ਜੀ ਐਸ ਪੰਨੂ
ਪਟਿਆਲਾ, 6 ਜੂਨ, 2017 : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤੀ ਵੱਲ ਲੈ ਕੇ ਜਾਣ ਲਈ ਸਰਕਾਰ ਪੇਂਡੂ ਪੱਧਰ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਯੋਜਨਾ ਲਾਗੂ ਕਰਨ ਜਾ ਰਹੀ ਹੈ। ਨੌਜਵਾਨਾਂ 'ਚ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਖੇਡਾਂ ਜੇੜ੍ਹੀਆਂ ਜਿਆਦਾ ਖੇਡੀਆਂ ਜਾਂਦੀਆਂ ਹਨ ਅਤੇ ਜਿਨਾਂ ਦਾ ਢਾਂਚਾ ਵੀ ਮੌਜੂਦ ਹੈ ਸਭ ਤੋਂ ਪਹਿਲਾਂ ਉਨਾ ਖੇਡਾਂ ਦੇ ਟੂਰਨਾਮੈਂਟ ਪਿੰਡ ਪੱਧਰ ਤੇ ਸ਼ੁਰੂ ਕਰਵਾਏ ਜਾ ਰਹੇ ਹਨ। ਪੇਂਡੂ ਪੱਧਰ ਤੇ ਹਰ ਯੋਗ ਖਿਡਾਰੀ ਨੂੰ ਮੌਕਾ ਮਿਲੇ ਇਸ ਲਈ ਹਰ 8-10 ਪਿੰਡਾਂ ਦਾ ਇਕ ਕਲਸਟਰ ਬਣਾਇਆ ਜਾਵੇਗਾ ਜਿਸ ਵਿੱਚ ਵਧੀਆਂ ਖਿਡਾਰੀਆਂ ਦੀ ਟੀਮ ਚੁਣ ਕੇ ਫੇਰ ਬਲਾਕ ਪੱਧਰ 'ਤੇ ਇਨਾਂ ਖੇਡਾਂ ਦਾ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ। ਜਿਸ ਉਪਰੰਤ ਚੁਣੇ ਗਏ ਖਿਡਾਰੀਆਂ ਨੂੰ ਅੱਗੇ ਪਟਿਆਲਾ ਪ੍ਰੀਮੀਅਰ ਲੀਗ ਵਿੱਚ ਖੇਡਣ ਦਾ ਮੌਕਾ ਮਿਲੇਗਾ ਤੇ ਜ਼ਿਲੇ ਪਟਿਆਲਾ ਦਾ ਪੋਰਟਸ ਕੈਲੰਡਰ ਛੇਤੀ ਹੀ ਜਾਰੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਜ਼ਿਲੇ ਵਿੱਚ ਬਲਾਕ ਪੱਧਰ ਤੇ ਨੈਸ਼ਨਲ ਸਟਾਇਲ ਕਬੱਡੀ, ਬਾਲੀਵਾਲ ਅਤੇ ਐਥਲੈਟਿਕਸ ਦੇ ਟੂਰਨਾਮੈਂਟ ਅਕਤੂਬਰ ਮਹੀਨੇ 'ਚ ਹੋਣਗੇ। ਉਨਾਂ ਕਿਹਾ ਕਿ ਨੈਸ਼ਨਲ ਸਟਾਇਲ ਕਬੱਡੀ ਨੂੰ ਏਸ਼ੀਆ ਅਤੇ ਕੌਮੀ ਪੱਧਰ ਤੇ ਹੋਣ ਵਾਲੇ ਪ੍ਰੀਮੀਅਰ ਲੀਗ ਅਤੇ ਨੈਸ਼ਨਲ ਖੇਡਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਇਨਾਂ ਖੇਡਾਂ ਵਿੱਚ ਸਕੂਲਾਂ ਦੇ ਖੇਡ ਮੈਦਾਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਸਿੱਖਿਆ ਵਿਭਾਗ ਦੇ ਪੀ.ਟੀ.ਆਈ. ਅਤੇ ਖੇਡ ਵਿਭਾਗ ਦੇ ਮਾਹਿਰਾਂ ਦਾ ਸਹਿਯੋਗ ਲਿਆ ਜਾਵੇਗਾ ਅਤੇ ਇਸ ਮੀਟਿੰਗ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਜ਼ਿਲਾ ਖੇਡ ਅਧਿਕਾਰੀ ਅਤੇ ਬਾਕਸਿੰਗ ਦ ਵਿਕਾਸ ਅੰਤਰ ਰਾਸ਼ਟਰੀ ਕੋਚ ਸ੍ਰੀ ਹਰਪ੍ਰੀਤ ਸਿੰਘ ਸੰਧੂ, ਡਾਇਰੈਕਟਰ ਯੂਥ ਵੈਲਫੇਅਰ ਡਾ. ਮਲਕੀਤ ਸਿੰਘ ਮਾਨ, ਜ਼ਿਲਾ ਸਿੱਖਿਆ ਅਧਿਕਾਰੀ ਸ੍ਰੀ ਸੰਜੀਵ ਸ਼ਰਮਾ ਅਤੇ ਸਮੂਹ ਬੀ.ਡੀ ਓਜ ਵੀ ਮੌਜੂਦ ਸਨ।