ਪਟਿਆਲਾ, 02 ਜੂਨ 2017: ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਸ਼੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ਼ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ 15 ਜੂਨ ਤੋਂ ਪਹਿਲਾਂ ਝੋਨਾ ਲਗਾਉਣ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਰਾਜ ਵਿੱਚ ਝੋਨਾ (ਜ਼ੀਰੀ) ਦੀ ਫ਼ਸਲ ਆਮ ਤੌਰ 'ਤੇ ਮਹੀਨਾ ਜੂਨ ਵਿੱਚ ਲਗਾਈ ਜਾਂਦੀ ਹੈ ਪਰੰਤੂ ਕਈ ਕਿਸਾਨਾਂ/ਕਾਸ਼ਤਕਾਰਾਂ ਵੱਲੋਂ ਮਹੀਨਾ ਅਪ੍ਰੈਲ/ਮਈ ਵਿੱਚ ਹੀ ਅਗੇਤਾ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਅਗੇਤਾ ਝੋਨਾ ਲਗਾਉਣ ਕਾਰਨ ਧਰਤੀ ਹੇਠਲੇ ਕੁਦਰਤੀ ਪਾਣੀ ਦੇ ਸੋਮੇ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਨੀਵਾਂ ਹੋ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਬਹੁਤ ਹੀ ਨੁਕਸਾਨ ਦਾਇਕ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਅਗੇਤਾ ਝੋਨਾ ਲਗਾਉਣ ਕਾਰਨ ਬਿਜਲੀ/ਡੀਜ਼ਲ ਦੀ ਖਪਤ ਵੱਧਦੀ ਹੈ ਅਤੇ ਅਗੇਤੀ ਫ਼ਸਲ ਕਾਰਨ ਕੀੜੇ-ਮਕੌੜੇ ਜ਼ਿਆਦਾ ਆਉਣ ਕਾਰਨ ਕੀਟਨਾਸ਼ਕ ਦਵਾਈਆਂ ਦਾ ਜ਼ਿਆਦਾ ਇਸਤੇਮਾਲ ਹੁੰਦਾ ਹੈ, ਜਿਸ ਕਾਰਨ ਵਾਤਾਵਰਣ ਵਿੱਚ ਵਧੇਰੇ ਪ੍ਰਦੂਸ਼ਣ ਹੁੰਦਾ ਹੈ ਜਦੋਂ ਕਿ ਝੋਨਾ ਲਗਾਉਣ ਦਾ ਸਹੀ ਸਮਾਂ ਜੂਨ ਦਾ ਦੂਜਾ ਪੰਦਰਵਾੜਾ ਹੈ ਸੋ ਅਗੇਤਾ ਝੋਨਾ ਲਗਾਉਣ ਤੋਂ ਹੋਣ ਵਾਲੇ ਨੁਕਸਾਨ ਦੇ ਮੱਦੇ ਨਜ਼ਰ ਜ਼ਿਲ੍ਹਾ ਪਟਿਆਲਾ ਦੀ ਹਦੂਦ ਅੰਦਰ ਅਗੇਤਾ ਝੋਨਾ ਲਗਾਉਣ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ।