ਜੀ ਐਸ ਪੰਨੂ
ਪਟਿਆਲਾ, 30 ਮਈ, 2017 : ਸਰਵ ਸਿੱਖਿਆ ਅਭਿਆਨ ਅਤੇ ਰਾਸ਼ਟਰੀ ਮਾਧਮਿਕ ਅਭਿਆਨ ਅਧੀਨ ਪਿਛਲੇ ਅੱਠ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਲਗਭਗ 12 ਹਜਾਰ ਅਧਿਆਪਕਾਂ, ਹੈੱਡ ਮਾਸਟਰਾਂ ਅਤੇ ਸੀਨੀਅਰ ਲੈਬ ਅਟੈਂਡਟਾਂ ਨਾਲ ਵਾਅਦਾ ਕਰਨ ਦੇ ਬਾਵਜੂਦ ਰੈਗੂਲਰ ਨਾ ਕਰਨ, ਹੱਕ ਮੰਗਦੇ ਅਧਿਆਪਕਾਂ ਉੱਤੇ ਬਠਿੰਡਾ ਅਤੇ ਰੋਪੜ ਵਿਖੇ ਦਰਜ ਝੂਠੇ ਪੁਲਿਸ ਕੇਸ ਰੱਦ ਨਾ ਕਰਨ ਅਤੇ ਪਿਛਲੇ ਛੇ ਮਹੀਨੇ ਤੋਂ ਅਧਿਆਪਕਾਂ ਨੂੰ ਤਨਖਾਹਾਂ ਨਾ ਦੇ ਕੇ ਅਧਿਆਪਕਾਂ ਨੂੰ ਭੁੱਖਮਰੀ ਵੱਲ ਧੱਕਣ ਦੇ ਰੋਸ ਵਜੋਂ ਪਟਿਆਲਾ ਜਿਲੇ ਦੇ ਸੈਂਕੜੇ ਅਧਿਆਪਕਾਂ ਵਲੋਂ ਐੱਸ.ਐੱਸ.ਏ/ ਰਮਸਾ ਅਧਿਆਪਕ ਯੂਨੀਅਨ ਦੀ ਅਗਵਾਈ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਥਾਨਕ ਵਾਤਾਵਰਣ ਪਾਰਕ ਤੋਂ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਆਪਣੇ ਬਰਤਨ ਲੈ ਕੇ ਬੈਠੇ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਹਰਦੀਪ ਟੋਡਰਪੁਰ ਅਤੇ ਜਿਲਾ ਪ੍ਰਧਾਨ ਅਤਿੰਦਰਪਾਲ ਘੱਗਾ ਨੇ ਆਖਿਆ ਕਿ 'ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਵਿਖਾਉਣ ਦੇ ਹੋਰ' ਅਖਾਣ ਪੰਜਾਬ ਦੀ ਕੈਪਟਨ ਸਰਕਾਰ ਉੱਤੇ ਪੂਰੀ ਤਰਾਂ ਢੁਕਦਾ ਹੈ ਕਿਉਂਕਿ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਠੇਕੇ ਉੱਤੇ ਰੱਖੇ ਸਮੂਹ ਮੁਲਾਜਮਾਂ ਨੂੰ ਰੈਗੂਲਰ ਕਰਨ, ਝੂੱਠੇ ਪੁਲਿਸ ਕੇਸ ਰੱਦ ਕਰਨ, ਕਿਸਾਨਾਂ ਦੇ ਕਰਜ਼ ਮੁਆਫ ਕਰਨ, ਹਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ, ਨੌਜਵਾਨਾਂ ਨੂੰ ਬੇਰੁਜਗਾਰੀ ਭੱਤਾ ਦੇਣ ਵਰਗੇ ਅਨੇਕਾਂ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਇਸ ਪਾਰਟੀ ਦੀ ਸਰਕਾਰ ਮੋਨ ਧਾਰ ਕੇ ਬਹਿ ਗਈ ਹੈ ਜਿਸ ਕਾਰਨ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਲੱਗੇ ਹਨ। ਅਧਿਆਪਕ ਆਗੂਆਂ ਨੇ ਆਖਿਆ ਕਿ ਜਿਵੇਂ ਪੰਜਾਬ ਅਕਾਲੀ-ਭਾਜਪਾ ਸਰਕਾਰ ਉਹਨਾਂ ਦੀਆਂ ਸੇਵਾਵਾਂ ਰੇਗੂਲਰ ਕਰਨ ਦੇ ਲਾਰੇ ਲਗਾ ਕੇ ਆਪਣਾ ਸਮਾਂ ਲੰਘਾ ਗਈ ਉਸੇ ਤਰਾਂ ਕਾਂਗਰਸ ਸਰਕਾਰ ਜਿੱਥੇ ਉਹਨਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਤਾਂ ਲਾਉਂਦੀ ਹੀ ਆ ਰਹੀ ਹੈ ਪਰ ਪਿਛਲੇ ਛੇ ਮਹੀਨੇ ਤੋਂ ਤਨਖਾਹਾਂ ਨਾ ਦੇ ਕੇ ਉਹਨਾਂ ਨੂੰ ਭਿਖਾਰੀ ਬਣਨ ਵੱਲ ਧੱਕ ਰਹੀ ਹੈ।
ਜਥੇਬੰਦੀ ਦੇ ਜ਼ਿਲਾ ਜਰਨਲ ਸਕੱਤਰ ਭਰਤ ਕੁਮਾਰ ਅਤੇ ਵਿੱਤ ਸਕੱਤਰ ਭੁਪਿੰਦਰ ਮਰਦਾਂਹੇੜੀ ਨੇ ਆਖਿਆ ਕਿ ਉਹਨਾਂ ਦੀਆਂ ਮੰਗਾਂ ਸੰਬੰਧੀ ਇੱਕ ਮਈ ਨੂੰ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪਟਿਆਲਾ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਮਨਮੋਹਨ ਕੁਮਾਰ ਨੇ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਜੇ ਤੱਕ ਵਫਾ ਨਹੀਂ ਹੋ ਸਕਿਆ ਜਿਸ ਕਾਰਨ ਉਨ੍ਹਾਂ ਦਾ ਪਟਿਆਲਾ ਪ੍ਰਸ਼ਾਸਨ ਤੋਂ ਯਕੀਨ ਉੱਠ ਗਿਆ ਹੈ। ਜਿਲਾ ਆਗੂਆਂ ਜੀਵਨਜੋਤ ਸਿੰਘ ਅਤੇ ਹਰਵਿੰਦਰ ਰੱਖੜਾ ਨੇ ਆਖਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਜਲਦੀ ਸੁਣਵਾਈ ਨਾ ਹੋਈ ਤਾਂ ਪਟਿਆਲਾ ਨੂੰ ਸੰਘਰਸ਼ ਦਾ ਕੇਂਦਰ ਬਣਾਉਂਦਿਆਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵਿਸ਼ਾਲ ਕੀਤਾ ਜਾਵੇਗਾ। ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਗੱਲ ਨਾ ਸੁਣੇ ਜਾਣ ਦੇ ਰੋਸ ਵਜੋਂ ਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 'ਫੋਟ'ੋ ਨੂੰ ਮੰਗ ਪੱਤਰ ਦੇ ਕੇ ਧਰਨੇ ਦੀ ਸਮਾਪਤੀ ਕੀਤੀ।
ਇਸ ਮੌਕੇ ਡੀ.ਟੀ.ਐਫ ਦੇ ਵਿਕਰਮਦੇਵ ਸਿੰਘ ਅਤੇ ਦੇਸ ਰਾਜ,ਬੇਰੁਜਗਾਰ ਟੈਟ ਪਾਸ ਯੂਨੀਅਨ ਦੇ ਹਰਿੰਦਰਜੀਤ ਸਿੰਘ,ਨੋਜਵਾਨ ਭਾਰਤ ਸਭਾ ਦੇ ਆਗੂ ਰਮਿੰਦਰ ਪਟਿਆਲਾ,ਹਰਿਆਵਲ ਦਸਤਾ ਗਰੁੱਪ ਦੇ ਸੁਰਿੰਦਰ ਖਾਲਸਾ ਤੋਂ ਇਲਾਵਾ ਗੁਰਜੀਤ ਘੱਗਾ, ਜਤਿੰਦਰ ਸਿੰਘ, ਮਨੋਜ ਕੁਮਾਰ, ਰਜਿੰਦਰ ਸਿੰਘ, ਬਖਸ਼ੀਸ਼ ਸਿੰਘ, ਹਰਮਿੰਦਰ ਸਮਾਣਾ, ਗਗਨ ਰਾਣੂ, ਲਖਵਿੰਦਰ ਸਿੰਘ, ਗਗਨ ਕਾਠਮੱਠੀ, ਹਰਦੀਪ ਸੋਗਲਪੁਰ, ਸਤਪਾਲ ਸਮਾਣਵੀ, ਹਰਿੰਦਰ ਸਿੰਘ, ਨਵਲਦੀਪ ਸ਼ਰਮਾ, ਸਨੇਹਦੀਪ,ਮਿਨਾਕਸ਼ੀ ਅਤੇ ਮਨਪ੍ਰੀਤ ਕੌਰ ਆਦਿ ਅਧਿਆਪਕ ਆਗੂਆਂ ਨੇ ਵੀ ਸੰਬੋਧਨ ਕੀਤਾ।