ਸਨੌਰ (ਪਟਿਆਲਾ), 28 ਮਈ 2017: ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਅੱਜ ਸਨੌਰ ਰੋਡ 'ਤੇ ਸਥਿਤ ਪਿੰਗਲਾ ਆਸ਼ਰਮ ਵਿਖੇ ਗਰੀਬ ਤੇ ਬੇਸਹਾਰਾ 11 ਲੜਕੀਆਂ ਦੇ ਪਿੰਗਲਾ ਆਸ਼ਰਮ ਵੱਲੋਂ ਕਰਵਾਏ ਸਮੂਹਿਤ ਵਿਆਹ ਸਮਾਗਮ ਮੌਕੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਮੌਕੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਰੀਬ, ਬੇਸਹਾਰਾ ਤੇ ਦੀਨ ਦੁਖੀਆਂ ਦੀ ਸੇਵਾ ਹੀ ਸਭ ਤੋਂ ਮਹਾਨ ਕਾਰਜ ਹੈ।
ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਅਜਿਹੇ ਲੋੜਵੰਦ ਤੇ ਬੇਸਹਾਰਿਆਂ ਦੀ ਸੇਵਾ ਵਿੱਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਨਵੇਂ ਵਿਆਹੇ ਜੋੜਿਆਂ ਨੂੰ ਸ਼ਗਨ ਤੇ ਆਸ਼ੀਰਵਾਦ ਦਿੰਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਪਿੰਗਲਾ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਜੋ ਇਹ ਪੁੰਨ ਦਾ ਕੰਮ ਕੀਤਾ ਗਿਆ ਹੈ ਉਸਦੀ ਜਿਨੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ। ਉਹਨਾਂ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪਿੰਗਲਾ ਆਸ਼ਰਮ ਦੇ ਮੁਖੀ ਬਾਬਾ ਬਲਵੀਰ ਸਿੰਘ ਵੱਲੋਂ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਪਰਨੀਤ ਕੌਰ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ ਅਤੇ ਸ਼੍ਰੀ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ।
ਆਲ ਇੰਡੀਆਂ ਪਿੰਗਲਾ ਆਸ਼ਰਮ ਸਨੌਰ ਦੇ 33 ਵੇਂ ਸਥਾਪਨਾ ਦਿਵਸ 'ਤੇ ਕਰਵਾਏ ਇਸ ਸਮਾਗਮ ਮੌਕੇ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਬਾਬਾ ਭੁਪਿੰਦਰ ਸਿੰਘ, ਪਿੰਗਲਾ ਆਸ਼ਰਮ ਦੇ ਮੁਖੀ ਬਾਬਾ ਬਲਵੀਰ ਸਿੰਘ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ, ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਹਨੀ ਸੇਖੋਂ, ਸ਼੍ਰੀ ਅਮਨ ਰਣਜੀਤ ਸਿੰਘ ਨੈਣਾ ਖੁਰਦ, ਸ਼੍ਰੀ ਬੱਬੀ ਗੋਇਲ, ਸ਼੍ਰੀ ਅਸ਼ਵਨੀ ਕੁਮਾਰ ਬੱਤਾ, ਸ਼੍ਰੀ ਕ੍ਰਿਸ਼ਨ ਸਿੰਘ ਸਨੌਰ ਤੇ ਹੋਰ ਪਤਵੰਤੇ ਵੀ ਹਾਜਰ ਸਨ।