ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ ਸ਼੍ਰੀ ਸੁਰੇਸ਼ ਅਰੋੜਾ।
ਫ਼ਿਰੋਜ਼ਪੁਰ, 16 ਮਈ, 2017 (ਗੁਰਿੰਦਰ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀਂ ਕਲਾਸ ਦੇ ਨਤੀਜੇ ਵਿੱਚ ਮੈਰਿਟ ਸੂਚੀ ਵਿੱਚ ਸਥਾਨ ਪਾਉਣ ਵਾਲੇ ਜਿਲ੍ਹਾ ਫਿਰੋਜਪੁਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਅੱਜ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਅਤੇ ਐਲੀਮੈਂਟਰੀ) ਸੁਰੇਸ਼ ਅਰੋੜਾ ਵੱਲੋ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਦੇ ਉਜ਼ਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਜਿਲ੍ਹਾ ਸਿੱਖਿਆ ਅਫਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਫਿਰੋਜਪੁਰ ਦੇ ਚਾਰ ਵਿਦਿਆਰਥੀਆਂ ਪ੍ਰਿਆ ਬਹਿਲ ਪੁੱਤਰੀ ਕਰਨਵੀਰ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ , ਇਸ਼ੀਕਾ ਗੁਪਤਾ ਪੁੱਤਰੀ ਰਵੀ ਗੁਪਤਾ ਐੱਚ ਕੇ ਐਲ ਕਾਲਜ ਆਫ ਨਰਸਿੰਗ ਗੁਰੂਹਰਸਹਾਏ, ਲਵਜੋਤ ਕੌਰ ਪੁੱਤਰੀ ਅਜਾਇਬ ਸਿੰਘ ਦੇਵ ਸਮਾਜ ਇੰਟਰਮੀਡੀਅਟ ਕਾਲਜ ਆਫ ਵੂਮੈਨ ਫਿਰੋਜਪੁਰ ਸ਼ਹਿਰ ਅਤੇ ਪਾਰੁਲਪ੍ਰੀਤ ਗਿੱਲ ਪੁੱਤਰੀ ਸੁਰਿੰਦਰ ਸਿੰਘ ਗਿੱਲਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਕ੍ਰਮਵਾਰ 18ਵਾਂ, 20ਵਾਂ, 22ਵਾਂ ਅਤੇ 27ਵਾਂ ਸਥਾਨ ਪ੍ਰਾਪਤ ਕਰਦੇ ਹੋਏ ਜਿਲ੍ਹੇ ਵਿੱਚ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਬੱਚਿਆਂ ਦੀ ਇਸ ਪ੍ਰਾਪਤੀ ਲਈ ਇਨ੍ਹਾ ਵਿਦਿਆਰਥੀਆਂ ਦੀ ਪ੍ਰਾਪਤੀ 'ਤੇ ਅੱਜ ਇਨ੍ਹਾਂ ਨੂੰ ਦਫਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜਪੁਰ ਵਿਖੇ ਸਨਮਾਨਿਤ ਕੀਤਾ ਗਿਆ।
ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਇਛਾਵਾਂ ਬਾਰੇ ਪੁੱਛਣ 'ਤੇ ਜਿਥੇ ਇਸ਼ਿਕਾ ਨੇ ਵਿਗਿਆਨੀ ਅਤੇ ਪਾਰੁਲਪ੍ਰੀਤ ਨੇ ਡਾਕਟਰ ਬਣਨ ਦੀ ਇੱਛਾ ਪ੍ਰਗਟ ਕਰਦਿਆਂ ਦੱਸਿਆ ਜਦ ਕਿ ਲਵਜੋਤ ਕੌਰ ਨੇ ਲੀਕ ਤੋ ਹੱਟ ਕੇ ਅਤੇ ਅਪਣੇ ਪਿਤਾ ਦੇ ਖੇਤੀਬਾੜੀ ਦੇ ਕਿੱਤੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਐਗਰੀਕਲਚਰ ਦੇ ਫੀਲਡ ਵਿੱਚ ਹੀ ਉੱਚੇਰੀ ਡਿਗਰੀ ਕਰਨ ਦੀ ਇੱਛਾ ਪ੍ਰਗਟ ਕੀਤੀ। ਜਿਲ੍ਹਾ ਫਿਰੋਜਪੁਰ ਦੀ ਪ੍ਰਾਪਤੀ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਪਾਸ ਪ੍ਰਤੀਸ਼ਤਾ ਦੇ ਅਧਾਰ ਤੇ ਜਾਰੀ ਅੰਕੜਿਆ ਅਨੁਸਾਰ ਜਿਲ੍ਹਾ ਫਿਰੋਜ਼ਪੁਰ ਨੇ ਪੰਜਾਬ ਵਿੱਚ ਪੰਜਵਾ ਜਦੋ ਕਿ ਫਰੀਦਕੋਟ ਮੰਡਲ ਅਧੀਨ ਆਉਦੇਂ 7 ਜਿਲ੍ਹਿਆ ਵਿੱਚੋ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾ ਵੱਲੋ ਸਮੂਹ ਸਕੂਲ ਮੁੱਖੀਆਂ ਅਤੇ ਅਧਿਕਾਰੀਆਂ ਨਾਲ ਵਿਚਾਰ ਵਿਟਾਂਦਰਾ ਕੀਤਾ ਜਾ ਰਿਹਾ ਤਾਂ ਜੋ ਕਮਜੋਰ ਵਿਦਿਆਰਥੀਆ ਦੀ ਰੈਮੀਡੀਅਲ ਕੋਚਿੰਗ ਅਤੇ ਬਾਕੀ ਸਮੂਹ ਵਿਦਿਆਰਥੀਆਂ ਲਈ ਸਪਸ਼ੈਲ ਪ੍ਰੋਗਰਾਮ ਉੱਲੀਕੇ ਜਾਣ ਤਾਂ ਜੋ ਅਗਲੇ ਸੈਸ਼ਨ ਵਿੱਚ ਜਿਲ੍ਹਾ ਫਿਰੋਜਪੁਰ ਮੁਹਰਲੇ ਤਿੰਨ ਜਿਲ੍ਹਿਆ ਵਿੱਚ ਸ਼ਾਮਿਲ ਹੋ ਸਕੇ। ਉਨ੍ਹਾ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨਾਲ ਵੀ ਉਨ੍ਹਾਂ ਵੱਲੋ ਗਲਬਾਤ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀਆਂ ਦੀਆਂ ਜਰੂਰਤਾਂ ਅਨੁਸਾਰ ਲੋੜੀਦੀਆਂ ਸਹੂਲਤਾਂ ਮੁਹੱਈਆ ਕਰਵਾਈਆ ਜਾ ਸਕਣ।