ਪਟਿਆਲਾ, 16 ਮਈ, 2017 : ਜਗਜੀਤ ਸਿੰਘ ਚਾਹਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਸਪੈਸ਼ਲ ਜੱਜ ਸੀ.ਬੀ.ਆਈ. ਪੰਜਾਬ ਐਸ.ਐਸ. ਮਾਨ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਵਿਚ ਈ.ਡੀ. ਨੂੰ ਚਾਹਲ ਦਾ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਨਾਲ ਕਰੋੜਾਂ ਦੀ ਡਰੱਗਜ਼ ਤਸਕਰੀ ਵਿੱਚ ਸਾਥੀ ਦੋਸ਼ੀ ਜਗਜੀਤ ਚਹਿਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ( ਈਡੀ ) ਦੀ ਟੀਮ ਨੇ ਸੋਮਵਾਰ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ।
ਈਡੀ ਉਸਦੀ 54 ਕਰੋੜ ਦੀ ਜਾਇਦਾਦ ਨੂੰ ਅਟੈਚ ਕਰ ਚੁੱਕੀ ਹੈ ਅਤੇ ਉਸਤੋਂ ਇਸ ਪ੍ਰਾਪਰਟੀ ਦੇ ਸੰਬੰਧ ਵਿੱਚ ਅਹਿਮ ਜਾਣਕਾਰੀਆਂ ਹਾਸਲ ਕੀਤੀ ਜਾਣੀ ਹੈ । ਈਡੀ ਦੇ ਅਧਿਕਾਰੀ ਉਹਨੂੰ ਛੇ ਵਾਰ ਸੰਮਨ ਜਾਰੀ ਕਰ ਚੁੱਕੇ ਸਨ ਪਰ ਉਹ ਜਾਂਚ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਸੀ।
ਈਡੀ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਹਿਤ 13 ਲੋਕਾਂ ਦੇ 61.62 ਕਰੋੜ ਰੁਪਏ ਦੀਆਂ ਜ਼ਾਇਦਾਦਾਂ ਨੂੰ ਅਟੈਚ ਕਰ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿੱਚ ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਹਲ, ਪਰਮਜੀਤ ਸਿੰਘ ਚਹਿਲ ਅਤੇ ਇੰਦਰਜੀਤ ਕੌਰ ਦੀ ਕਰੀਬ 54.59 ਕਰੋੜ ਰੁਪਏ ਦੀ ਅਚੱਲ ਜਾਇਦਾਦ ਨੂੰ ਅਟੈਚ ਕੀਤਾ ਗਿਆ ਸੀ ।
ਭੋਲ਼ਾ ਦੀਆਂ ਨਜ਼ਦੀਕੀਆਂ ਜਗਜੀਤ ਚਹਿਲ ਦੇ ਨਾਲ ਸਨ, ਉੱਥੇ ਹੀ ਇਸ ਕੇਸ ਵਿੱਚ ਚਹਿਲ ਦਾ ਕਨੈਕਸ਼ਨ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਵੀ ਸੀ। ਈਡੀ ਦੇ ਅਧਿਕਾਰੀ ਨਿਰੰਜਨ ਸਿੰਘ ਨੂੰ ਪਤਾ ਚਲਿਆ ਸੀ ਕਿ ਜਗਜੀਤ ਮੋਹਾਲੀ ਵਿੱਚ ਇੱਕ ਤਸਕਰੀ ਦੇ ਕੇਸ ਵਿੱਚ ਤਾਰੀਖ ਉੱਤੇ ਆਇਆ ਹੈ , ਇਸ ਤੋਂ ਬਾਅਦ ਉਹਨੂੰ ਉੱਥੋਂ ਗ੍ਰਿਫਤਾਰ ਕਰ ਲਿਆ ਗਿਆ ।
ਈਡੀ ਦੇ ਆਲਾ ਅਧਿਕਾਰੀ ਹੁਣ ਚਹਿਲ ਤੋਂ ਮਜੀਠਿਆ ਕਨੈਕਸ਼ਨ ਦੀ ਪੂਰੀ ਜਾਣਕਾਰੀ ਹਾਸਲ ਕਰਨਗੇ । ਉਥੇ ਹੀ , ਭੋਲ਼ੇ ਦੇ ਨਾਲ ਕਾਰੋਬਾਰੀ ਸਬੰਧਾਂ ਤੋਂ ਇਲਾਵਾ ਜਾਇਦਾਦ ਦੀ ਜਾਂਚ ਕੀਤੀ ਜਾਵੇਗੀ।