ਪਟਿਆਲਾ, 13 ਮਈ, 2017 (ਜੀ ਐਸ ਪੰਨੂ) : ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ ਅੱਜ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੋ ਮੁੱਦਿਆਂ ਤੇ ਡੂੰਘਾ ਦੁੱਖ ਅਤੇ ਰੋਸ ਪ੍ਰਗਟ ਕੀਤਾ ਹੈ, ਇੱਕ ਮੁੱਦਾ ਕੇਂਦਰ ਸਰਕਾਰ ਦੁਆਰਾ ਪਾਕਿਸਤਾਨ ਤੋਂ ਮਰੀਜ਼ਾਂ, ਜੋ ਭਾਰਤ ਵਿੱਚ ਅੰਗ ਬਦਲਾਉਣ ਦੀ ਮੈਡੀਕਲ ਸਹੂਲਤ ਹਾਸਲ ਕਰਨਾ ਚਾਹੁੰਦੇ ਸਨ, ਨੂੰ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰਨ ਨਾਲ ਸੰਬੰਧਤ ਨਿੰਦਣਯੋਗ ਵਤੀਰਾ ਹੈl ਡਾ ਗਾਂਧੀ ਨੇ ਇਸਨੂੰ ਸਰਵ ਵਿਆਪਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਾਰ ਦਿੱਤਾ ਹੈ। ਪੀ.ਜੀ.ਆਈ. ਦੇ ਇਕ ਡਾਕਟਰ ਦੁਆਰਾ ਇੱਕ ਵਿਸ਼ੇਸ਼ ਭਾਈਚਾਰੇ ਨਾਲ ਸੰਬੰਧਤ, ਇੱਕ ਕਸ਼ਮੀਰੀ ਮਰੀਜ਼ ਨਾਲ ਦੁਰ-ਵਿਵਹਾਰ ਕਰਨ ਅਤੇ ਪੀ.ਜੀ.ਆਈ. ਚੰਡੀਗੜ ਵਿਖੇ ਇਲਾਜ਼ ਨਾ ਕਰਨ ਦੇ ਇਲਜ਼ਾਮ ਨਾਲ ਸੰਬੰਧਤ ਹੈ। ਸਰਕਾਰ ਅਤੇ ਉਕਤ ਡਾਕਟਰ ਦਾ ਇਹ ਵਤੀਰਾ ਨਾ ਸਿਰਫ ਡਾਕਟਰੀ ਕਿੱਤੇ ਦੇ ਨੈਤਿਕ ਅਸੂਲਾਂ ਅਤੇ ਭਾਵਨਾ ਦੇ ਵਿਰੁੱਧ ਹੈ, ਸਗੋਂ ਭਾਈ ਘਨੱਈਆ ਜੀ ਦੇ ਮਨੁੱਖਤਾਵਾਦੀ ਦਰਸ਼ਨ ਦੇ ਵੀ ਵਿਰੁੱਧ ਹੈ, ਜੋ ਕਿ ਜੰਗ ਦੇ ਮੈਦਾਨ ਵਿੱਚ ਵੀ ਜਾਤ, ਧਰਮ ਅਤੇ ਕੌਮੀਅਤ ਦੇ ਭੇਦਭਾਵ ਤੋਂ ਬਿਨਾਂ ਮਰੀਜ਼ਾਂ ਦੀ ਮਦਦ ਕਰਨ ਦੀ ਵਕਾਲਤ ਕਰਦਾ ਹੈ। ਡਾ ਗਾਂਧੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ, ਭਾਰਤ ਆ ਕੇ ਜੀਵਨ ਬਚਾਉਣ ਵਾਲੀਆਂ, ਅੰਗ ਬਦਲਣ ਦੀਆਂ ਅਤੇ ਦੂਜੀਆਂ ਡਾਕਟਰੀ ਸਹੂਲਤਾਂ ਲੈਣ ਦੇ ਚਾਹਵਾਨ ਪਾਕਿਸਤਾਨੀ ਮਰੀਜਾਂ ਤੇ ਜੇਕਰ ਕੋਈ ਰੋਕ ਲਗਾਈ ਗਈ ਹੈ, ਤਾਂ ਤੁਰੰਤ ਅਜਿਹੀਆਂ ਬੰਦਿਸ਼ਾਂ ਖਤਮ ਕੀਤੀਆਂ ਜਾਣ ਅਤੇ ਮਰੀਜਾਂ ਨੂੰ ਵੀਜ਼ੇ ਜਾਰੀ ਕੀਤੇ ਜਾਣ l
ਇਸ ਤੋਂ ਇਲਾਵਾ ਡਾ ਗਾਂਧੀ ਨੇ ਮੰਗ ਕੀਤੀ ਕਿ ਪੀ.ਜੀ.ਆਈ. ਦੇ ਡਾਕਟਰ ਵੱਲੋਂ ਗੌਰਵਮਈ ਕਿੱਤੇ ਦੀ ਮਰਿਆਦਾ ਦੇ ਖਿਲਾਫ ਭੁਗਤਣ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਉਸ ਵੱਲੋਂ ਡਾਕਟਰੀ ਕਿੱਤੇ ਦੇ ਮਾਡਲ ਕੋਡ ਆਫ ਕੰਡਕਟ, ਜਿਸ ਦੀ ਹਰ ਡਾਕਟਰ ਨੂੰ ਪਾਲਨਾ ਕਰਨੀ ਹੁੰਦੀ ਹੈ, ਦੀ ਉਲੰਘਣਾ ਕਰਨ ਦੀ ਸੂਰਤ ਵਿੱਚ ਢੁੱਕਵੀਂ ਕਾਰਵਾਈ ਕੀਤੀ ਜਾਵੇ।