ਪਟਿਆਲਾ, 12 ਮਈ, 2017 : ਰਾਜ ਦੇ ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਮੁਹੱਈਆਂ ਕਰਵਾਉਣ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿਚੋਂ ਚੰਡੀਗੜ੍ਹ ਲਈ ਏਅਰ ਕੰਡੀਸ਼ਨ ਬੱਸ ਚਲਾਈ ਜਾਵੇਗੀ ਅਤੇ ਪੀ.ਆਰ.ਟੀ.ਸੀ. ਦੇ ਮੌਜੂਦਾ 1045 ਬੱਸਾਂ ਦੇ ਬੇੜੇ ਵਿੱਚ ਛੇਤੀ ਹੀ 100 ਹੋਰ ਨਵੀਂਆਂ ਬੱਸਾਂ ਪਾਈਆਂ ਜਾਣਗੀਆਂ। ਇਹ ਪ੍ਰਗਟਾਵਾ ਅੱਜ ਇਥੇ ਪੰਜਾਬ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਨਵੇਂ ਥਾਪੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ ਨੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਦੀ ਹਾਜਰੀ ਵਿੱਚ ਆਪਣੇ ਅਹੁਦੇ ਦਾ ਚਾਰਜ ਸਾਭਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸ਼੍ਰੀ ਸ਼ਰਮਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੀ.ਆਰ.ਟੀ.ਸੀ. ਵੱਡੇ ਘਾਟੇ ਦਾ ਸ਼ਿਕਾਰ ਹੋ ਕੇ ਬੰਦ ਹੋਣ ਦੇ ਕਿਨਾਰੇ ਪੁਜ ਗਈ ਸੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣੀ ਸਰਕਾਰ ਕਾਰਨ ਇਹ ਇੱਕ ਮਹੀਨੇ ਵਿੱਚ ਹੀ ਮੁਨਾਫੇ ਵੱਲ ਤੇਜੀ ਨਾਲ ਕਦਮ ਪੁਟ ਰਹੀ ਹੈ। ਸ਼੍ਰੀ ਸ਼ਰਮਾਂ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੀਆਂ ਬੱਸਾਂ ਰੋਜ਼ਾਨਾਂ ਸਾਢੇ ਤਿੰਨ ਲੱਖ ਕਿਲੋਮੀਟਰ ਸਫਰ ਤਹਿ ਕਰਕੇ ਮੁਸਾਫਰਾਂ ਨੂੰ ਉਹਨਾਂ ਦੀ ਮੰਜਿਲ 'ਤੇ ਪਹੁੰਚਾਉਂਦੀਆਂ ਹਨ ਪਰ ਇਸਨੂੰ ਵਧਾ ਕੇ 6 ਲੱਖ ਕਿਲੋਮੀਟਰ 'ਤੇ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਸ਼੍ਰੀ ਸ਼ਰਮਾਂ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਰੂਟਾਂ 'ਤੇ ਚੱਲਦੀਆਂ ਨਜਾਇਜ ਬੱਸਾਂ ਨੂੰ ਬੰਦ ਕਰਵਾਕੇ ਉਹਨਾਂ ਦੇ ਮਾਲਕਾਂ ਵਿਰੁਧ ਕੇਸ ਦਰਜ਼ ਕਰਵਾਏ ਜਾਣਗੇ। ਸ਼੍ਰੀ ਸ਼ਰਮਾਂ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਹੋਵੇਗੀ ਕਿ ਬੇਰੁਜਗਾਰਾਂ ਲਈ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕਰਵਾ ਕੇ ਉਹਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆਂ ਕਰਵਾਏ ਜਾਣਗੇ।
ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਦੇ ਸਭ ਤੋਂ ਵੱਡੇ ਟਰਾਂਸਪੋਰਟ ਅਦਾਰੇ ਪੀ.ਆਰ.ਟੀ.ਸੀ. ਦਾ ਜੋ ਨੁਕਸਾਨ ਕੀਤਾ ਉਸ ਬਾਰੇ ਸਭ ਭਲੀ ਭਾਂਤ ਜਾਣੂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਇਸ ਅਦਾਰੇ ਦੀ ਪੁਨਰ ਸੁਰਜੀਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸ਼੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਛੇਤੀ ਹੀ ਪਟਿਆਲਾ ਦੇ ਵਸਨੀਕਾਂ ਨੂੰ ਇੱਕ ਅਤੀ ਆਧੁਨਿਕ ਸਹੂਲਤਾਂ ਵਾਲਾ ਨਵਾਂ ਮਾਡਰਨ ਬੱਸ ਅੱਡਾ ਮੁਹੱਈਆਂ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਸ਼੍ਰੀ ਕੇ.ਕੇ. ਸ਼ਰਮਾਂ ਕਾਂਗਰਸ ਪਾਰਟੀ ਦੇ ਇੱਕ ਇਮਾਨਦਾਰ ਵਰਕਰ ਹਨ ਇਸ ਲਈ ਸਰਕਾਰ ਵੱਲੋਂ ਉਹਨਾਂ ਨੂੰ ਚੇਅਰਮੈਨ ਲਾ ਕੇ ਮਿਹਨਤੀ ਵਰਕਰ ਦਾ ਸਨਮਾਨ ਕੀਤਾ ਹੈ। ਉਹਨਾਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ. ਸ਼ਰਮਾਂ ਤੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਨਾਰੰਗ ਨੂੰ ਕਿਹਾ ਕਿ ਉਹ ਔਰਤਾਂ ਲਈ ਵਿਸ਼ੇਸ਼ ਤਿਉਹਾਰਾਂ 'ਤੇ ਬੱਸਾਂ ਚਲਾਉਣ ਦਾ ਵੀ ਪ੍ਰਬੰਧ ਕਰਨ।
ਸਮਾਗਮ ਦੌਰਾਨ ਹਲਕਾ ਰਾਜਪੁਰਾ ਦੇ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸ਼੍ਰੀ ਕੇ.ਕੇ. ਸ਼ਰਮਾਂ ਨੂੰ ਪੀ.ਆਰ.ਟੀ.ਸੀ. ਦਾ ਚੇਅਰਮੈਨ ਲਗਾ ਕੇ ਕਾਂਗਰਸ ਦੇ ਮਿਹਨਤੀ ਤੇ ਇਮਾਨਦਾਰ ਵਰਕਰਾਂ ਨੂੰ ਮਾਣ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਪਿਛਲੇ 10 ਸਾਲ ਸੰਤਾਪ ਹੰਢਾਇਆ ਹੈ ਪਰ ਹੁਣ ਮੌਜੂਦਾ ਸਰਕਾਰ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਪਾਵੇਗੀ। ਹਲਕਾ ਸ਼ਤਰਾਣਾ ਦੇ ਵਿਧਾਇਕ ਸ਼੍ਰੀ ਨਿਰਮਲ ਸਿਘ ਨੇ ਕਿਹਾ ਕਿ ਨਿਘਾਰ ਵੱਲ ਜਾ ਰਹੀ ਪੀ.ਆਰ.ਟੀ.ਸੀ. ਦੀ ਹੁਣ ਸ਼੍ਰੀ ਸ਼ਰਮਾਂ ਦੀ ਅਗਵਾਈ ਵਿੱਚ ਪੁਨਰ ਸੁਰਜੀਤੀ ਹੋਵੇਗੀ। ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਕਿਸ਼ਨ ਪੁਰੀ ਨੇ ਸ਼੍ਰੀ ਕੇ.ਕੇ. ਸ਼ਰਮਾਂ ਨੂੰ ਚੇਅਰਮੈਨ ਲਾਉਣ 'ਤੇ ਮੁੱਖ ਮੰਤਰੀ ਤੇ ਸ਼੍ਰੀਮਤੀ ਪਰਨੀਤ ਕੌਰ ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਐਮ.ਡੀ. ਸ਼੍ਰੀ ਮਨਜੀਤ ਸਿੰਘ ਨਾਰੰਗ ਨੇ ਪੁਜੀਆਂ ਸਮੂਹ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ ਅਤੇ ਭਰੋਸਾ ਦਿੱਤਾ ਕਿ ੳਹ ਪੀ.ਆਰ.ਟੀ.ਸੀ. ਨੂੰ ਬੁਲੰਦੀਆਂ 'ਤੇ ਲਿਜਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸ਼੍ਰੀਮਤੀ ਪਰਨੀਤ ਕੌਰ, ਸ਼੍ਰੀ ਕੇ.ਕੇ. ਸਰਮਾਂ, ਸ਼੍ਰੀ ਹਰਦਿਆਲ ਸਿੰਘ ਕੰਬੋਜ, ਸ਼੍ਰੀ ਨਿਰਮਲ ਸਿੰਘ ਤੇ ਸ਼੍ਰੀ ਪ੍ਰੇਮ ਕਿਸ਼ਨ ਪੁਰੀ ਨੂੰ ਪੀ.ਆਰ.ਟੀ.ਸੀ. ਦੇ ਐਮ.ਡੀ. ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਵਿੱਚ ਸ਼੍ਰੀ ਕੇ.ਕੇ. ਸ਼ਰਮਾਂ ਦੇ ਧਰਮਪਤਨੀ ਸ਼੍ਰੀਮਤੀ ਮਧੂ ਸ਼ਰਮਾਂ, ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਸ਼੍ਰੀ ਸੰਜੀਵ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸ਼੍ਰੀ ਸੰਤੋਖ ਸਿੰਘ, ਜਨਰਲ ਸਕੱਤਰ ਸੁਰਿੰਦਰ ਸਿੰਘ ਘੁੰਮਣ, ਸ਼੍ਰੀ ਕੰਵਲਜੀਤ ਸਿੰਘ ਸਹਿਗਲ, ਸ਼੍ਰੀ ਗੁਰਕੀਰਤ ਸਿੰਘ ਥੂਹੀ, ਸ਼੍ਰੀ ਰਛਪਾਲ ਸਿੰਘ ਜੋੜੇ ਮਾਜਰਾ, ਸਾਬਕਾ ਡੀ.ਪੀ.ਆਰ.ਓ. ਸ. ਉਜਾਗਰ ਸਿੰਘ, ਸ਼੍ਰੀ ਕੇ.ਕੇ. ਮਲਹੋਤਰਾ, ਸ਼੍ਰੀ ਡੀ.ਸੀ. ਸ਼ਰਮਾਂ, ਸ਼੍ਰੀ ਸੁਖਦੇਵ ਸਿੰਘ ਮਹਿਤਾ ਪੀ.ਆਰ.ਟੀ.ਸੀ ਦੇ ਜੀ.ਐਮ. ਸ਼੍ਰੀ ਆਰ.ਐਸ. ਸਿੰਘ ਔਲਖ, ਐਸ.ਪੀ. ਸਿਟੀ ਸ਼੍ਰੀ ਕੇਸ਼ਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ, ਵਰਕਰ ਤੇ ਪੀ.ਆਰ.ਟੀ.ਸੀ. ਦੇ ਮੁਲਾਜਮ ਵੀ ਹਾਜਰ ਸਨ।