← ਪਿਛੇ ਪਰਤੋ
ਚੰਡੀਗੜ੍ਹ, 27 ਅਪ੍ਰੈਲ, 2017 : ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਮੈਂਬਰ ਅਤੇ ਪ੍ਰਸਿੱਧ ਅਭਿਨੇਤਾ ਸ੍ਰੀ ਵਿਨੋਦ ਖੰਨਾ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਸ੍ਰੀ ਸਿੱਧੂ ਨੇ ਕਿਹਾ ਕਿ ਸ੍ਰੀ ਖੰਨਾ ਉਨ੍ਹਾਂ ਦੇ ਵੱਡੇ ਭਰਾ ਵਾਂਗ ਸਨ ਜਿਨ੍ਹਾਂ ਤੋਂ ਉਨ੍ਹਾਂ ਸਾਫ ਸੁਥਰੀ, ਲੋਕ ਪੱਖੀ ਅਤੇ ਇਮਾਨਦਾਰੀ ਵਾਲੀ ਰਾਜਨੀਤੀ ਸਿੱਖੀ ਸੀ। ਉਨ੍ਹਾਂ ਕਿਹਾ ਕਿ ਸ੍ਰੀ ਵਿਨੋਦ ਖੰਨਾ ਨਾ ਕੇਵਲ ਇਕ ਹੀਰੋ ਸਨ ਸਗੋਂ ਫਿਲਮਾਂ ਦੀ ਇੱਕ ਸੰਸਥਾ ਸਨ ਜਿਨ੍ਹਾਂ ਤੇ ਪੰਜਾਬੀਆਂ ਨੂੰ ਮਾਣ ਸੀ। ਉਨ੍ਹਾਂ ਕਿਹਾ ਕਿ ਸ੍ਰੀ ਵਿਨੋਦ ਖੰਨਾ ਵਰਗੇ ਬਹੁਤ ਘੱਟ ਨੇਤਾ ਹੋਏ ਹਨ ਜਿਨ੍ਹਾਂ ਨੂੰ ਰਾਜਨੀਤੀ ਵਿਚ ਵੱਡਾ ਸਨਮਾਨ ਮਿਲਿਆ ਅਤੇ ਜੋ ਚਾਰ ਵਾਰ ਲੋਕ ਸਭਾ ਮੈਂਬਰ ਰਹੇ । ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਸੰਸਦ ਵਿਚ ਸ੍ਰੀ ਵਿਨੋਦ ਖੰਨਾ ਦੇ ਨਾਲ ਰਹਿੰਦਿਆਂ ਬਹੁਤ ਕੁਝ ਸਿਖਿਆ ਅਤੇ ਸ੍ਰੀ ਖੰਨਾ ਆਪਣੇ ਫਰਜ ਕਦੇ ਨਹੀਂ ਭੁੱਲੇ ਸਨ। ਉਨ੍ਹਾਂ ਇਸ ਦੁੱਖ ਦੀ ਘੜੀ ਵਿਚ ਖੰਨਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਅਰਦਾਸ ਕਰਦੇ ਹਨ ਕਿ ਪ੍ਰਮਾਤਮਾ ਖੰਨਾ ਪਰਿਵਾਰ ਨੂੰ ਤਾਕਤ ਅਤੇ ਵਿਛੋੜੇ ਦਾ ਦਰਦ ਸਹਿਣ ਦਾ ਬਲ ਬਖਸ਼ੇ । ਸ੍ਰੀ ਸਿੱਧੂ ਨੇ ਕਿਹਾ ਕਿ ਇਹ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ਲਈ ਘਾਟਾ ਹੈ।
Total Responses : 942