ਚੰਡੀਗੜ੍ਹ, 26 ਮਾਰਚ, 2017 : “ਨਿਊ ਇੰਡੀਆ ਕਿਸੇ ਪਾਰਟੀ ਦਾ ਏਜੰਡਾ ਨਹੀਂ ਤੇ ਨਾ ਹੀ ਇਹ ਕੋਈ ਸਰਕਾਰੀ ਪ੍ਰੋਗਰਾਮ ਹੈ। ਸਾਨੂੰ ਦੇਸ ਨੂੰ ਅੱਗੇ ਵਧਾਉਣ ਲਈ ਕੁਝ ਸੰਕਲਪ ਲੈਣੇ ਹੋਣਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ।” ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਕਹੀ ਹੈ।
ਉਨ੍ਹਾਂ ਕਿਹਾ ਕਿ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਜਿਹੇ ਮਹਾਨ ਸ਼ਹੀਦ ਭਾਰਤ ਮਾਂ ਨੂੰ ਸਮਰਪਿਤ ਸਨ। ਉਹ ਸਾਡੇ ਸਾਰਿਆਂ ਦੇ ਪ੍ਰੇਰਨਾਸ੍ਰੋਤ ਹਨ। ਸਾਡੇ ਦੇਸ ਦੇ ਨੌਜਵਾਨ ਜਦੋਂ ਵੀ ਪੰਜਾਬ ਜਾਣ ਤਾਂ ਉਹ ਸ਼ਹੀਦ ਭਗਤ ਸਿੰਘ ਦੀ ਸਮਾਧੀ ‘ਤੇ ਨਤਮਸਤਕ ਜ਼ਰੂਰ ਹੋਣ। ਮੋਦੀ ਨੇ ਕਿਹਾ ਕਿ ਹੁਣ ਤੱਕ ਡੇਢ ਕਰੋੜ ਲੋਕਾਂ ਨੇ ਭੀਮ ਐਪ ਡਾਊਨਲੋਡ ਕੀਤਾ ਹੈ ਤੇ ਇਸ ਤਰ੍ਹਾਂ ਸਾਡੇ ਕਦਮ ਡਿਜ਼ੀਟਲ ਦੁਨੀਆ ਵੱਲ ਵਧ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਿਜ਼ੀਟਲ ਪੇਮੈਂਟ ‘ਤੇ ਜ਼ੋਰ ਦਿਓ ਤੇ ਸਾਰਾ ਭਾਰਤੀ ਸਮਾਜ ਡਿਜ਼ੀਟਲ ਨਾਲ ਜੁੜੋ।
ਉਨ੍ਹਾਂ ਕਿਹਾ ਕਿ ਸਾਨੂੰ ਹਫ਼ਤੇ ‘ਚ ਇਕ ਦਿਨ ਪੈਟਰੋਲ-ਡੀਜ਼ਲ ਦਾ ਵਰਤੋਂ ਜ਼ਰੂਰ ਛੱਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਜ਼ਰੂਰ ਕਰੋ ਤਾਂ ਹੀ ਅਸੀਂ ਚੰਗੇ ਅਨੁਸਾਸ਼ਿਤ ਇਨਸਾਨ ਬਣ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਵੱਛਤਾ ਨੇ ਅੰਦੋਲਨ ਦਾ ਰੂਪ ਲਿਆ ਹੈ ਤੇ ਇਸ ਨਾਲ ਵੱਡੇ ਪੱਧਰ ‘ਤੇ ਲੋਕਾਂ ‘ਚ ਸਫਾਈ ਪ੍ਰਤੀ ਚੇਤਨਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਕਾਲੇ ਧਨ ਤੇ ਭ੍ਰਿਸ਼ਟਾਚਰ ਖ਼ਿਲਾਫ ਲੜਾਈ ਨੂੰ ਹੋਰ ਅੱਗੇ ਵਧਾਉਣਗੇ। ਭੋਜਨ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਸਾਡਾ ਮਜ਼ਬੂਤ ਦੋਸਤ ਹੈ ਤੇ ਅਸੀਂ ਉਸ ਨਾਲ ਹਮੇਸ਼ਾਂ ਖੜ੍ਹੇ ਹਾਂ।