ਨਵੀਂ ਦਿੱਲੀ/ਲਖਨਊ, 26 ਮਾਰਚ, 2017 : ਉੱਤਰ ਪ੍ਰਦੇਸ਼ 'ਚ ਗੋਰਖਪੁਰ ਦੌਰੇ ਦੇ ਦੂਜੇ ਦਿਨ ਮੁੱਖ ਮੰਤਰੀ ਯੋਗੀ ਨੇ ਗੁੰਡਿਆਂ ਤੇ ਬਦਮਾਸ਼ਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਸੁਧਰ ਜਾਓ ਜਾਂ ਫਿਰ ਸੂਬਾ ਛੱਡ ਕੇ ਤੁਰ ਜਾਓ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਬੇਨੀਗੰਜ ਦੇ ਭਾਜਪਾ ਦਫਤਰ 'ਚ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚੋਂ ਕੂੜਾ ਸਾਫ ਹੋ ਰਿਹਾ ਹੈ। ਗੁੰਡੇ ਜੇਕਰ ਇੱਥੇ ਰਹਿਣਾ ਚਹੁੰਦੇ ਹਨ ਤਾਂ ਉਨ੍ਹਾਂ ਨੂੰ ਸੁਧਰਨਾ ਪਵੇਗਾ। ਜੇਕਰ ਉਹ ਸੁਧਰ ਨਹੀਂ ਸਕਦੇ ਤਾਂ ਯੂ.ਪੀ. ਛੱਡ ਕੇ ਤੁਰ ਜਾਣ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਮੰਤਰੀ ਜਾਂ ਨੁਮਾਇੰਦਾ ਠੇਕੇਦਾਰੀ ਦੀ ਚੱਕਰ 'ਚ ਨਾ ਪਵੇ। ਇਸ ਦੀ ਬਜਾਏ ਉਹ ਠੇਕੇਦਾਰੀ ਦੇ ਕੰਮਾਂ 'ਤੇ ਨਜ਼ਰ ਰੱਖਣ ਅਤੇ ਜੇਕਰ ਕੋਈ ਗੜਬੜ ਹੋਵੇ ਤਾਂ ਤੁਰੰਤ ਦੱਸਣ। ਵਰਕਰਾਂ ਨੂੰ ਯੋਗੀ ਨੇ ਆਖਿਆ ਕਿ ਹੁਣ ਸਾਨੂੰ 18 ਤੋਂ 20 ਘੰਟੇ ਕੰਮ ਕਰਨਾ ਹੋਵੇਗਾ। ਅਗਲੇ 2 ਸਾਲ ਤੱਕ ਨਾ ਅਸੀਂ ਗਰਮੀ ਦੇਖਣੀ ਹੈ, ਨਾ ਬਰਸਾਤ ਦੇਖਣੀ ਹੈ। ਜਨਤਾ ਨੇ ਸਾਨੂੰ ਜੋ ਭਾਰੀ ਬਹੁਮਤ ਦਿੱਤੀ ਹੈ, ਉਸ ਤੋਂ ਬਾਅਦ ਸਾਡੀਆਂ ਜ਼ਿੰਮੇਵਾਰੀਆਂ ਹੋਰ ਵਧ ਗਈਆ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੂਬੇ 'ਚ 24 ਘੰਟੇ ਬਿਜਲੀ ਅਤੇ ਟੁੱਟੀਆਂ ਸੜਕਾਂ ਦੇ ਨਾਲ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੋਵੇਗਾ। ਇਸ ਲਈ ਜ਼ਰੂਰੀ ਹੈ ਕਿ ਆਪ ਆਪਣੇ ਅੰਦਰੋਂ ਨਾਂਹ-ਪੱਖੀ ਸੋਚ ਨੂੰ ਕੱਢ ਦੇਵੋ।