ਗਾਂਧੀਨਗਰ, 26 ਮਾਰਚ, 2017 : ਗੋਆ ਅਤੇ ਪੰਜਾਬ 'ਚ ਚੋਣ ਹਾਰਨ ਦੇ ਸੰਤਾਪ ਨੂੰ ਭੁੱਲ ਕੇ ਆਮ ਆਦਮੀ ਪਾਰਟੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ 'ਚ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ 182 ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ। ਪਾਰਟੀ ਦੀਆਂ ਚੋਣ ਤਿਆਰੀਆਂ ਲਈ ਐਤਵਾਰ ਇਥੇ ਆਯੋਜਿਤ ਵਰਕਰ ਸੰਮੇਲਨ 'ਚ 'ਆਪ' ਦੇ ਇਕ ਸੀਨੀਅਰ ਆਗੂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਲਾਂਕਿ 'ਆਪ' ਦੀ ਕਾਰਗੁਜ਼ਾਰੀ ਗੋਆ ਤੇ ਪੰਜਾਬ 'ਚ ਆਸ ਅਨੁਸਾਰ ਨਹੀਂ ਰਹੀ ਪਰ ਇਹ ਹੋਰ ਬੁਰਾ ਇਸ ਲਈ ਜਾਪਿਆ ਕਿਉਂਕਿ ਸਾਡੀਆਂ ਆਸਾਂ ਬਹੁਤ ਵਧੀਆ ਸਨ। ਉਂਝ ਨਤੀਜਿਆਂ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਇਹ ਸੱਤਾਧਾਰੀ ਪਾਰਟੀਆਂ ਦੇ ਵਿਰੁੱਧ ਸਨ।
ਗੁਜਰਾਤ ਵਿਚ ਵੀ ਲੰਬੇ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ ਅਤੇ ਲੋਕ ਇਸ ਦੇ ਵਿਰੁੱਧ ਹਨ ਕਿਉਂਕਿ ਇਥੇ ਭ੍ਰਿਸ਼ਟਾਚਾਰ, ਬੇਰੋਜ਼ਗਾਰੀ ਵਧ ਗਈ ਹੈ ਅਤੇ ਕਿਸਾਨਾਂ ਦਾ ਮੰਦਾ ਹਾਲ ਹੈ। ਦੱਸਣਯੋਗ ਹੈ ਕਿ 'ਆਪ' ਨੇ 2014 'ਚ ਹੋਈਆਂ ਲੋਕ ਸਭਾ ਚਣਾਂ 'ਚ ਸੂਬੇ ਦੀਆਂ ਸਾਰੀਆਂ 26 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਸਨ ਪਰ ਪਾਰਟੀ ਨੂੰ ਕਿਸੇ ਵੀ ਸੀਟ 'ਤੇ ਜਿੱਤ ਪ੍ਰਾਪਤ ਨਹੀਂ ਹੋਈ ਸੀ। ਬਹੁਤ ਘੱਟ ਵੋਟਾਂ ਮਿਲਣ ਕਾਰਨ ਲਗਭਗ ਸਾਰੀਆਂ ਸੀਟਾਂ 'ਤੇ 'ਆਪ' ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।