ਚੰਡੀਗੜ੍ਹ, 20 ਫਰਵਰੀ, 2017 : ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਆਪਣੇ ਗੀਤਾਂ ਰਾਹੀਂ ਬਖੂਬੀ ਪੇਸ਼ ਕਰਨ 'ਚ ਮਾਹਿਰ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਗਾਇਕ ਗੁਰਦਾਸ ਮਾਨ ਨੇ ਅੱਜ ਫੇਸਬੁੱਕ 'ਤੇ ਪਹਿਲੀ ਵਾਰ ਆਪਣੇ ਚਾਹੁਣ ਵਾਲਿਆਂ ਨੂੰ ਲਾਈਵ ਇੰਟਰਵੀਊ ਦਿੱਤਾ। ਇਸ ਲਾਈਵ ਇੰਟਰਵੀਊ 'ਚ ਮਾਨ ਸਾਹਿਬ ਦੇ ਨਾਲ ਉਨ੍ਹਾਂ ਦੇ ਪੁੱਤਰ ਗੁਰਇੱਕ ਮਾਨ ਵੀ ਮੌਜੂਦ ਸਨ।
ਹਾਲ ਹੀ ਉਨ੍ਹਾਂ ਦੇ ਰਿਲੀਜ਼ ਹੋਏ ਗੀਤ 'ਪੰਜਾਬ' ਨੂੰ ਦਰਸ਼ਕਾਂ ਵੱਲੋੋਂ ਮਿਲੇ ਅਥਾਹ ਪਿਆਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਗੁਰਦਾਸ ਮਾਨ ਨੇ ਕਿਹਾ ਕਿ ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨਾਲ ਬੇਇੰਤਹਾ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਸਾਹਮਣੇ ਰੂਬਰੂ ਹੋਣ ਦਾ ਮੁੱਖ ਕਾਰਨ ਉਨ੍ਹਾਂ ਦਾ ਪੁੱਤਰ ਗੁਰਇੱਕ ਮਾਨ ਹੈ ਜਿਸ ਦੇ ਭਵਿੱਖ ਨੂੰ ਲੈ ਕੇ ਉਹ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਸਨ। ਗੁਰਦਾਸ ਮਾਨ ਨੇ ਆਪਣੇ ਦਿਲ ਦੇ ਵਰਕੇ ਖੋਲ੍ਹਦਿਆਂ ਕਿਹਾ ਕਿ ਗੁਰਇੱਕ ਮਾਨ ਨੂੰ ਹਾਲਾਂਕਿ ਆਪਣੇ ਆਪ 'ਤੇ ਭਰੋਸਾ ਸੀ ਕਿ ਉਹ ਕਦੇ ਨਾ ਕਦੇ ਆਪਣੀ ਕਾਬਲਿਅਤ ਜ਼ਰੂਰ ਸਾਬਿਤ ਕਰੇਗਾ ਪਰ ਮੇਰੇ ਦਿਲ ਨੂੰ ਤਸੱਲੀ ਨਾ ਹੋਣ ਕਾਰਨ ਮੈਂ ਪੁੱਤਰ ਗੁਰਇੱਕ ਤੋਂ ਚਿੰਤਤ ਸੀ ਪਰ ਗੁਰਇੱਕ ਮਾਨ ਨੇ 'ਪੰਜਾਬ' ਗੀਤ ਨੂੰ ਇੱਕ ਢੁੱਕਵੇਂ ਅਤੇ ਨਵੇਕਲੇ ਢੰਗ ਨਾਲ ਪੇਸ਼ ਕਰ ਮੇਰੇ ਦਿਲ ਨੂੰ ਅਸਲ ਮਾਈਨੇ 'ਚ ਤਸੱਲੀ ਦਿੱਤੀ।
ਗੁਰਦਾਸ ਮਾਨ ਨੇ ਗੀਤ 'ਪੰਜਾਬ' ਬਾਰੇ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਮੇਰੀ ਅੱਖਾਂ 'ਚੋਂ ਹੰਝੂ ਕਢਾ ਦੇਣ ਵਾਲੇ ਇਸ ਗੀਤ ਨੂੰ ਦਰਸ਼ਕਾਂ ਤੱਕ ਪਹੁੰਚਾਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ।
ਆਪਣੇ ਪੁੱਤਰ ਗੁਰਇੱਕ ਮਾਨ ਨਾਲ ਸੋਸ਼ਲ ਮੀਡੀਆ ਪ੍ਰਮੰਨੇ ਸਾਧਨ ਫੇਸਬੁੱਕ 'ਤੇ ਲਾਈਵ ਇੰਟਰਵੀਊ ਦਿੰਦਿਆਂ ਮਾਨਾਂ ਦੇ ਮਾਨ ਗੁਰਦਾਸ ਮਾਨ ਨੇ ਕਿਹਾ ਕਿ ਉਹ ਪੰਜਾਬ ਦੀ ਭਲਾਈ ਲਈ ਕੁੱਝ ਵੀ ਕਰ ਸਕਦੇ ਹਨ। ਇਸ ਮੌਕੇ ਗੁਰਇੱਕ ਮਾਨ ਨੇ ਕਿਹਾ ਕਿ ਮੈਂ ਪਿਛਲੇ 6 ਸਾਲਾਂ ਤੋਂ ਕੋਸ਼ਿਸ਼ ਕਰ ਰਿਹਾ ਸੀ ਪਰ ਕਾਮਯਾਬੀ ਮੇਰੇ ਹੱਥ ਨਹੀਂ ਸੀ ਲੱਗ ਰਹੀ। ਮੈਂ ਕੋਸ਼ਿਸ਼ ਜਾਰੀ ਰੱਖੀ ਤੇ ਆਖਿਰਕਾਰ ਮੇਰੀ ਮਿਹਨਤ ਰੰਗ ਲਿਆਈ। ਗੁਰਇੱਕ ਮਾਨ ਨੇ ਆਪਣੇ ਪਿਤਾ ਗੁਰਦਾਸ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਤਾ ਤੋਂ ਮਿਲੇ ਚੰਗੇ ਵਿਚਾਰ ਹੀ ਮੇਰੀ ਸਫਲਤਾ ਦੀ ਕੁੰਜੀ ਹਨ। ਉਨ੍ਹਾਂ ਕਿਹਾ ਕਿ ਆਪਣੇ ਵਤਨ ਅਤੇ ਪੰਜਾਬ ਦੀ ਮਿੱਟੀ ਦੀ ਸੇਵਾ 'ਚ ਮੈਂ ਹਮੇਸ਼ਾ ਜੀਅ ਜਾਨ ਨਾਲ ਲੱਗਿਆ ਰਹਾਂਗਾ।
https://www.facebook.com/GurdasMaan/videos/vb.385588524869286/1265172750244188/?type=2&theater