ਨਵੀਂ ਦਿੱਲੀ, 20 ਫਰਵਰੀ, 2017 : ਬਚਤ ਖਾਤਾਧਾਰਕ 20 ਫਰਵਰੀ ਤੋਂ ਆਪਣ-ਆਪਣੇ ਖਾਤਿਆਂ 'ਚੋਂ ਹਰੇਕ ਹਫਤੇ 50 ਹਜ਼ਾਰ ਰੁਪਏ ਕੱਢਵਾ ਸਕਣਗੇ। ਫਿਲਹਾਲ ਅਜੇ ਇਹ ਲਿਮਟ 24 ਹਜ਼ਾਰ ਰੁਪਏ ਹਰੇਕ ਹਫਤੇ ਹੈ। ਰਿਜ਼ਰਵ ਬੈਂਕ ਨੇ 8 ਫਰਵਰੀ ਨੂੰ ਮੌਜੂਦਾ ਵਿੱਤ ਸਾਲ ਦੀ ਆਖਰੀ ਦੋ-ਮਾਸਿਕ ਸਮੀਖਿਆ ਪੇਸ਼ ਕਰਦੇ ਹੋਏ ਇਸ ਦਾ ਐਲਾਨ ਕੀਤਾ ਸੀ। ਨਾਲ ਹੀ ਉਸ ਨੇ ਕਿਹਾ ਸੀ ਕਿ 3 ਹਫਤੇ ਬਾਅਦ 13 ਮਾਰਚ ਨੂੰ ਹੋਲੀ ਵਾਲੇ ਦਿਨ ਤੋਂ ਬਚਤ ਖਾਤਿਆਂ 'ਚੋਂ ਪੈਸੇ ਕੱਢਵਾਉਣ 'ਤੇ ਨੋਟਬੰਦੀ ਦੌਰਾਨ ਲਗਾਈ ਗਈ ਸਾਰੀਆਂ ਪਾਬੰਦੀਆਂ ਖਤਮ ਹੋ ਜਾਣਗੀਆਂ।
ਚਾਲੂ ਖਾਤੇ, ਓਵਰਡ੍ਰਾਫਟ ਅਤੇ ਕੈਸ਼ ਕ੍ਰੈਡਿਟ ਖਾਤੇ ਤੋਂ ਪੈਸੇ ਕੱਢਵਾਉਣ ਦੀ ਲਿਮਟ 30 ਜਨਵਰੀ ਨੂੰ ਹੀ ਖਤਮ ਕਰ ਦਿੱਤੀ ਗਈ ਸੀ। ਨਾਲ ਹੀ 1 ਫਰਵਰੀ ਤੋਂ ਏ.ਟੀ.ਐੱਮ. ਤੋਂ ਪੈਸੇ ਕੱਢਵਾਉਣ ਦੀ ਲਿਮਟ ਵੀ ਖਤਮ ਕਰ ਦਿੱਤੀ ਗਈ ਸੀ ਪਰ ਬਚਤ ਖਾਤਿਆਂ 'ਤੇ 24 ਹਜ਼ਾਰ ਰੁਪਏ ਹਫਤਾਵਾਰ ਦੀ ਲਿਮਟ ਬਰਕਰਾਰ ਰਹਿਣ ਨਾਲ ਅਜਿਹੇ ਖਾਤਾਧਾਰਕਾਂ ਲਈ ਇਕ ਤਰ੍ਹਾਂ ਏ.ਟੀ.ਐੱਮ. 'ਤੇ ਲਿਮਟ ਜਾਰੀ ਹੈ।
ਨੋਟਬੰਦੀ ਤੋਂ ਬਾਅਦ ਆਰ.ਬੀ.ਆਈ. ਨੇ ਮੌਜੂਦਾ ਮਾਤਰਾ 'ਚ ਨਵੇਂ ਨੋਟ ਬੈਂਕਾਂ ਅਤੇ ਏ.ਟੀ.ਐੱਮ. 'ਚ ਪਹੁੰਚਾਉਣ ਤੋਂ ਪਹਿਲਾਂ ਪੈਸੇ ਕੱਢਵਾਉਣ ਦੀ ਲਿਮਟ ਤੈਅ ਕਰ ਦਿੱਤੀ ਸੀ। ਜਿਵੇ-ਜਿਵੇ ਨੋਟਾਂ ਦੀ ਸਪਲਾਈ ਵਧਦੀ ਜਾ ਰਹੀ ਹੈ, ਆਰ.ਬੀ.ਆਈ. ਪੈਸੇ ਕੱਢਵਾਉਣ ਦੀ ਲਿਮਟ 'ਚ ਢਿੱਲ ਦੇ ਰਹੀ ਹੈ ਅਤੇ 13 ਮਾਰਚ ਤੋਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇਗਾ।